ਚੰਡੀਗੜ੍ਹ – ਸ਼ਹਿਰ ਵਾਸੀ ਜਲਦੀ ਹੀ ਆਪਣੀਆਂ ਛੱਤਾਂ ’ਤੇ ਮੁਫ਼ਤ ਸੌਰ ਊਰਜਾ ਪਲਾਂਟ ਲਾਉਣ ਦੇ ਯੋਗ ਹੋਣਗੇ ਕਿਉਂਕਿ ਯੂ. ਟੀ. ਪ੍ਰਸ਼ਾਸਨ ਨੇ ਚੰਡੀਗੜ੍ਹ ਰੀਨਿਊਏਬਲ ਐਨਰਜੀ ਐਂਡ ਸਾਇੰਸ ਐਂਡ ਟੈਕਨਾਲੋਜੀ ਪ੍ਰਮੋਸ਼ਨ ਸੋਸਾਇਟੀ (ਕ੍ਰੈਸਟ) ਨੂੰ ਬਿਲਡ, ਆਪਰੇਟ ਅਤੇ ਟਰਾਂਸਫਰ (ਬੀ. ਓ. ਟੀ.) ਨੂੰ ਫਿਕਸ ਕਰਨ ਲਈ ਸਾਢੇ 22 ਸਾਲ ਦੀ ਮਿਆਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਸਬੰਧੀ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਹੁਣ ਜਦੋਂ ਇਸ ਪ੍ਰਾਜੈਕਟ ’ਤੇ ਸਹਿਮਤੀ ਬਣ ਗਈ ਹੈ ਤਾਂ ਉਹ ਜਲਦੀ ਹੀ ਇਸ ’ਤੇ ਅੱਗੇ ਵਧਣਗੇ, ਜਿਸ ਤੋਂ ਬਾਅਦ ਹੀ ਲੋਕ ਆਪਣੇ ਘਰਾਂ ’ਚ ਮੁਫ਼ਤ ਸੂਰਜੀ ਊਰਜਾ ਪਲਾਂਟ ਲੁਆ ਸਕਣਗੇ। ਪਲਾਂਟ ਲਾਉਣ ਤੋਂ ਪਹਿਲਾਂ ਖ਼ਪਤਕਾਰ, ਬਿਜਲੀ ਵਿਭਾਗ, ‘ਕ੍ਰੈਸਟ’ ਅਤੇ ਕੰਪਨੀ ਵਿਚਕਾਰ ਸਮਝੌਤਾ ਹੋਵੇਗਾ।
ਪ੍ਰਸ਼ਾਸਨ ਨੇ ਪਲਾਂਟ ਲਾਉਣ ਲਈ ਲੋਕਾਂ ਤੋਂ ਅਰਜ਼ੀਆਂ ਵੀ ਮੰਗੀਆਂ ਸਨ ਅਤੇ ਕਈ ਲੋਕਾਂ ਨੇ ਇਸ ਪ੍ਰਾਜੈਕਟ ਵਿਚ ਦਿਲਚਸਪੀ ਦਿਖਾਈ ਸੀ। ਇਸ ਤੋਂ ਪਹਿਲਾਂ ਯੂ. ਟੀ. ਪ੍ਰਸ਼ਾਸਨ ਨੇ 500 ਗਜ਼ ਜਾਂ ਇਸ ਤੋਂ ਵੱਧ ਦੇ ਰਿਹਾਇਸ਼ੀ ਘਰਾਂ ਲਈ ਛੱਤਾਂ ’ਤੇ ਪਾਵਰ ਪਲਾਂਟ ਲਾਉਣਾ ਲਾਜ਼ਮੀ ਕੀਤਾ ਸੀ ਪਰ ਨਵੇਂ ਮਾਡਲ ਦੇ ਤਹਿਤ ਮਕਾਨ ਮਾਲਕ ਨੂੰ ਈ. ਕੇ. ਡਬਲਿਊ. ਪੀ. ਦਾ ਸੋਲਰ ਪਲਾਂਟ ਲਾਉਣ ਲਈ ਲਗਭਗ 500 ਵਰਗ ਫੁੱਟ ਜਗ੍ਹਾ ਮੁਹੱਈਆ ਕਰਵਾਉਣੀ ਪਵੇਗੀ। ਦਰਅਸਲ ਵਿਭਾਗ ਨੇ ਜੇ. ਈ. ਆਰ. ਸੀ. ਦੇ ਕਹਿਣ ’ਤੇ ਰੈਸਕੋ ਮਾਡਲ ’ਤੇ ਸਰਵੇ ਕਰਵਾਇਆ ਸੀ। ਇਸ ਵਿਚ 1200 ਲੋਕਾਂ ਨੇ ਸੋਲਰ ਪਾਵਰ ਪਲਾਂਟ ਲਾਉਣ ਦੀ ਇੱਛਾ ਪ੍ਰਗਟਾਈ ਸੀ।