ਬਠਿੰਡਾ, ਇਥੋਂ ਦੇ ਨਜ਼ਦੀਕੀ ਮੋੜ ਮੰਡੀ ਵਿਖੇ ਦੋ ਵਿਅਕਤੀਆਂ ਨੇ ਸਰੇਆਮ ਜਸਪਾਲ ਸਿੰਘ ਅਥਿਆਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਜਿਸ ਕਾਰਨ ਉਸਦੀ ਮੌਤ ਹੋ ਗਈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਨੂੰ ਵਾਪਰੀ ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿਚ ਅਥਿਆਨੀ ਜ਼ਮੀਨ ‘ਤੇ ਡਿੱਗਿਆ ਹੋਇਆ ਹੈ ਅਤੇ ਹਮਲਾਵਰ ਉਸ ‘ਤੇ ਹਥਿਆਰਾਂ ਨਾਲ ਹਮਲਾ ਕਰ ਰਹੇ ਹਨ। ਡੀਐੱਸਪੀ ਮੌੜ ਰਾਹੁਲ ਭਾਰਦਵਾਜ਼ ਨੇ ਕਿਹਾ ਕਿ ਹਮਲਾ ਪੁਰਾਣੀ ਰੰਜਿਸ਼ ਦੇ ਚਲਦਿਆਂ ਕੀਤਾ ਗਿਆ ਹੈ। ਅਥਿਆਨੀ 2020 ਦੇ ਇੱਕ ਕਤਲ ਮਾਮਲੇ ਦਾ ਦੋਸ਼ੀ ਸੀ। ਉਨ੍ਹਾਂ ਦੱਸਿਆ ਕਿ ਛੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਇਸੇ ਤਰ੍ਹਾਂ ਦੀ ਘਟਨਾ ਲੁਧਿਆਣਾ ਵਿਖੇ ਵਾਪਰੀ ਸੀ ਜਿਸ ਵਿਚ ਸ਼ਿਵਸੈਨਾ ਦੇ ਆਗੂ ਸੰਦੀਪ ਥਾਪਰ ਤੇ ਸ਼ਰੇਆਮ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਸੀ।
ਇਨ੍ਹਾਂ ਮਾਮਲਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। ਸੁਖਬੀਰ ਬਾਦਲ ਨੇ ਆਪਣੇ ਸੋਸ਼ਲ ਮੀਡੀਆ ”ਐਕਸ” ‘ਤੇ ਲਿਖਿਆ ਕਿ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਸਭ ਠੀਕ ਨਹੀਂ ਹੈ। ਇਹ ਪੂਰੀ ਤਰ੍ਹਾਂ ਸਪਸ਼ਟ ਹੋ ਚੁੱਕਿਆ ਹੈ ਕਿ ਗੈਂਗਸਟਰਾਂ ਨੂੰ ਕਾਨੂੰਨ ਦਾ ਡਰ ਨਹੀਂ।