ਅੰਮ੍ਰਿਤਸਰ- ਸ਼ਹਿਰ ਦੇ ਪ੍ਰਸ਼ਾਸਕ ਅਤੇ ਕਮਿਸ਼ਨਰ ਨਗਰ ਨਿਗਮ ਰਾਹੁਲ ਵੱਲੋਂ ਪੰਜਾਬ ਨਗਰ ਨਿਗਮ ਐਕਟ 1976 ਦੀ ਧਾਰਾ 229 (1) (ਏ) ਅਧੀਨ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਇਕ ਮਤਾ ਨੰਬਰ 123, 31/08/2023 ਰਾਹੀਂ ਅੰਮ੍ਰਿਤਸਰ ਸ਼ਹਿਰ ਵਿਚ ਆਮ ਜਨਤਾ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮਾਂ ਤੋਂ ਰਾਹਤ ਦਿਵਾਉਣ ਲਈ ਨਿਗਮ ਹਦੂਦ ਵਿਚ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ਼ ਦੇ ਚੱਲਣ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਉੱਧਰ ਨਿਗਮ ਦੇ ਉਕਤ ਆਦੇਸ਼ਾਂ ਦੇ ਵਿਰੁੱਧ ਆਟੋ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ।
ਕਮਿਸ਼ਨਰ ਨਿਗਮ ਰਾਹੁਲ ਨੇ ਦੱਸਿਆ ਕਿ ਅੰਮ੍ਰਿਤਸਰ ਸਮਾਰਟ ਸਿਟੀ ਸਕੀਮ ਤਹਿਤ ਪੁਰਾਣੇ ਡੀਜ਼ਲ ਆਟੋਜ਼ ਨੂੰ ਈ-ਆਟੋਜ਼ ਦੇ ਨਾਲ ਬਦਲਿਆ ਜਾਣਾ ਹੈ ਅਤੇ ਪਹਿਲੇ ਪੜਾਅ ਵਿਚ ਇਹ ਕਾਰਵਾਈ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਨੂੰ ਬਦਲਣ ਲਈ ਅਮਲ ਵਿਚ ਲਿਆਂਦੀ ਜਾ ਰਹੀ ਹੈ, ਜਿਸ ਵਾਸਤੇ ਪ੍ਰਸ਼ਾਸਨ ਨੇ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਚਾਲਕਾਂ ਨੂੰ 31 ਅਗਸਤ ਤੱਕ ਦਾ ਸਮਾਂ ਦੇਣ ਦੇ ਬਦਲੇ ਇਕ ਸਟਿੱਕਰ ਵੀ ਜਾਰੀ ਕੀਤੇ ਸਨ।
ਵਿਭਾਗ ਵੱਲੋਂ ਸਾਰੇ ਸ਼ਹਿਰ ਵਿਚ ਹੋਰਡਿੰਗ ਲਗਾ ਕੇ ਪਹਿਲੇ ਪੜਾਅ ਅਧੀਨ 15 ਸਾਲ ਪੁਰਾਣੇ ਡੀਜ਼ਲ ਆਟੋ ਚਾਲਕਾਂ ਨੂੰ 31 ਅਗਸਤ ਤੱਕ ਈ-ਆਟੋ ਲੈਣ ਲਈ ਚੇਤਾਇਆ ਗਿਆ ਅਤੇ ਜਾਣਕਾਰੀ ਦਿੱਤੀ ਗਈ ਕਿ 1 ਸਤੰਬਰ ਤੋਂ ਇਨ੍ਹਾਂ 15 ਸਾਲ ਪੁਰਾਣੇ ਡੀਜ਼ਲ ਆਟੋਜ਼ ਵਿਰੁੱਧ ਇੰਨਫੋਰਸਮੈਂਟ ਦੀ ਕਾਰਵਾਈ ਹਰ ਹਾਲਤ ਵਿਚ ਕੀਤੀ ਜਾਣੀ ਲਾਜ਼ਮੀ ਹੈ ਅਤੇ ਹੁਣ ਇਹ ਸਮਾਂ 31 ਅਗਸਤ ਨੂੰ ਪੂਰਾ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉਕਤ ਮਤਾ ਅੰਮ੍ਰਿਤਸਰ ਸ਼ਹਿਰ ਵਿਚ ਆਮ ਜਨਤਾ ਅਤੇ ਆਉਣ ਵਾਲੇ ਯਾਤਰੂਆਂ ਨੂੰ ਵਧ ਰਹੇ ਪ੍ਰਦੂਸ਼ਣ ਅਤੇ ਟ੍ਰੈਫਿਕ ਜਾਮਾਂ ਤੋਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਨਿਗਮ ਐਕਟ 1976 ਦੀ ਧਾਰਾ 229 (1) (ਏ) ਅਧੀਨ ਦਿੱਤੀਆਂ ਗਈਆਂ ਤਾਕਤਾਂ ਤਹਿਤ ਪਾਸ ਕੀਤਾ ਗਿਆ ਹੈ, ਜਿਸ ਨਾਲ ਹੁਣ 1 ਸਤੰਬਰ ਤੋਂ ਨਿਗਮ ਹੱਦ ਵਿਚ 15 ਸਾਲ ਪੁਰਾਣੇ ਡੀਜ਼ਲ/ਪੈਟਰੋਲ ਆਟੋਜ਼ ਦੇ ਚੱਲਣ ’ਤੇ ਪੂਰਨ ਪਾਬੰਦੀ ਲਾਗੂ ਹੋ ਜਾਵੇਗੀ ।