ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਸੁੱਕੀਆਂ ਰੋਟੀਆਂ ਤੇ ਜੂਠ ਵਿਚ ਹੋਈ ਇਕ ਕਰੋੜ ਰੁਪਏ ਦੀ ਹੇਰਾਫੇਰੀ ’ਚ 51 ਮੁਅੱਤਲ ਮੁਲਾਜ਼ਮਾਂ ਵਿਚੋਂ 23 ਇੰਸਪੈਕਟਰਾਂ ਤੇ ਇਕ ਮੈਨੇਜਰ ਤੋਂ ਬਾਅਦ ਰਹਿੰਦੇ ਮੁਲਾਜਮਾਂ ਨੂੰ ਵੀ ਜੁਰਮਾਨਾ ਕਰਕੇ ਬਹਾਲ ਕੀਤਾ ਜਾ ਸਕਦਾ ਹੈ। ਸਬ ਕਮੇਟੀ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੈਨੇਜਰ ਸਤਨਾਮ ਸਿੰਘ ਮਾਂਗਾਸਰਾਏ ਦੀ ਸੇਵਾ ਮੁਕਤੀ ਦਾ ਸਮਾਂ ਹੋਣ ਕਾਰਨ ਮਾਮਲੇ ਵਿਚ ਸਬੰਧਤ ਰਕਮ ਦੀ ਵਸੂਲੀ ਕੀਤੀ ਹੈ ਅਤੇ ਇਕ ਲੱਖ ਰੁਪਏ ਵਾਧੂ ਜੁਰਮਾਨਾ ਵੀ ਪਾਇਆ ਹੈ ਅਤੇ 31 ਅਗਸਤ ਤੋਂ ਪਹਿਲਾਂ ਸੇਵਾਮੁਕਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਸਬ ਕਮੇਟੀ ਅਗਲੀ ਮੀਟਿੰਗ ਕਰਕੇ ਰਹਿੰਦੇ 8 ਮੈਨੇਜਰ, 6 ਸੁਪਰਵਾਈਜ਼ਰ ਤੇ 11 ਇੰਸਪੈਕਟਰਾਂ ਤੇ 2 ਸਟੋਰ ਕੀਪਰ ਸਬੰਧੀ ਅਪਣੀ ਰਿਪੋਰਟ ਅੰਤਿ੍ਰੰਗ ਕਮੇਟੀ ਨੂੰ ਸੌਂਪ ਦੇਵੇਗੀ। ਸਤੰਬਰ ਦੇ ਪਹਿਲੇ ਹਫਤੇ ਹੋਣ ਵਾਲੀ ਇਕੱਤਰਤਾ ਵਿਚ ਇਹ ਮਾਮਲਾ ਵਿਚਾਰਿਆ ਜਾਵੇਗਾ।
ਸੂਤਰਾਂ ਮੁਤਾਬਿਕ ਲੰਗਰ ਜੂਠ ਘੁਟਾਲੇ ਮਾਮਲੇ ਨਾਲ ਸਬੰਧਤੇ 5 ਮੈਨੇਜਰ, 6 ਸੁਪਰਵਾਈਜ਼ਰ ਤੇ 11 ਇੰਸਪੈਕਟਰਾਂ ਨੂੰ ਜੁਰਮਾਨਾ ਕਰਕੇ ਬਹਾਲ ਕੀਤਾ ਜਾ ਸਕਦਾ ਹੈ। ਜਦ ਕਿ 3 ਮੈਨੇਜਰ ਤੇ 2 ਸਟੋਰਕੀਪਰਾਂ ਦਾ ਮਾਮਲਾ ਵਿਚਾਰ ਅਧੀਨ ਰੱਖ ਕੇ ਸਖਤ ਕਾਰਵਾਈ ਹੋ ਸਕਦੀ ਹੈ। ਸੂਤਰਾਂ ਮੁਤਾਬਿਕ ਜੋ ਜੁਰਮਾਨਾ ਮੈਨੇਜਰਾਂ ਨੂੰ ਹੋਵੇਗਾ ਸੁਪਰਵਾਈਜ਼ਰ ਤੇ ਇੰਸਪੈਕਟਰਾਂ ਨੂੰ ਉਸ ਤੋਂ ਅੱਧਾ ਜੁਰਮਾਨਾ ਕੀਤਾ ਜਾ ਸਕਦਾ ਹੈ। ਇਥੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ 2 ਸਟੋਰਕੀਪਰਾਂ ਦੇ ਨਾਲ 3 ਦੇ ਕਰੀਬ ਮੈਨੇਜਰ ਇਸ ਘਪਲੇ ਵਿਚ ਸ਼ਾਮਲ ਹੋਣ ਦੇ ਸੰਕੇਤ ਮਿਲ ਰਹੇ ਹਨ। ਇਨ੍ਹਾਂ ਵਿਚ ਸਬੰਧਤ ਮੈਨੇਜਰ ਹੋਰ ਕੇਸਾਂ ਵਿਚ ਪਹਿਲਾਂ ਵੀ ਮੁਅਤਲ ਜਾਂ ਜੁਰਮਨੇ ਦੀ ਸਜ਼ਾ ਭੁਗਤ ਚੁੱਕੇ ਹਨ।