ਚੰਡੀਗੜ੍ਹ : ਹੱਤਿਆ ਅਤੇ ਜਬਰ ਜਨਾਹ ਦੇ ਦੋਸ਼ ’ਚ ਜੇਲ੍ਹ ’ਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ (Gurmeet Ram Rahim) ਸਿੰਘ ਦੀ ਰਿਹਾਇਸ਼ ਨੂੰ ਢਾਹ ਕੇ ਇੱਥੇ ਕਲਸ਼ ਆਕਾਰ ਦੀ ਨਵੀਂ ਇਮਾਰਤ ਬਣਾਈ ਜਾ ਰਹੀ ਹੈ। ਇਹ ਇਮਾਰਤ ਡੇਰਾ ਮੁਖੀ ਦੀ ਗੋਦ ਲਈ ਧੀ ਹਨੀਪ੍ਰੀਤ (Honeypreet) ਦੀ ਰਿਹਾਇਸ਼ ਹੋਵੇਗੀ। ਡੇਰਾ ਸੱਚਾ ਸੌਦਾ ਦੇ ਇਸ ਫ਼ੈਸਲੇ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਅਨੁਸਾਰ ਕਲਸ਼ ਆਕਾਰ ਦੀ ਇਮਾਰਤ ਬਣਾਉਣਾ ਹਿੰਦੂ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਹਿੰਦੂ ਪੌਰਾਣਿਕ ਕਥਾਵਾਂ ਅਨੁਸਾਰ ਪਵਿੱਤਰ ਕਲਸ਼ ਨੂੰ ਸਾਰੇ ਦੇਵੀ-ਦੇਵਤਿਆਂ ਦਾ ਰੂਹਾਨੀ ਨਿਵਾਸ ਮੰਨਿਆ ਗਿਆ ਹੈ ਪਰ ਵਿਚਾਰ ਅਧੀਨ ਰਿਹਾਇਸ਼ ਗੰਭੀਰ ਅਪਰਾਧ ਦੇ ਦੋਸ਼ੀ ਦੀ ਰਿਹਾਇਸ਼ ਹੈ, ਜਿਸ ਕਾਰਨ 42 ਮੌਤਾਂ ਹੋ ਗਈਆਂ।
ਇਸ ਤੋਂ ਇਲਾਵਾ ਇਸ ਰਿਹਾਇਸ਼ ’ਚ ਪਖਾਨਾ, ਕੂੜੇਦਾਨ ਤੇ ਬੈੱਡਰੂਮ ਵੀ ਸ਼ਾਮਲ ਹਨ। ਦਾਖ਼ਲ ਪਟੀਸ਼ਨ ’ਚ ਇਸ ਤਰ੍ਹਾਂ ਦੀਆਂ ਤਬਦੀਲੀਆਂ ਨੂੰ ਸਬੂਤ ਨਸ਼ਟ ਕਰਨਾ ਕਰਾਰ ਦਿੱਤਾ ਗਿਆ ਹੈ ਕਿਉਂਕਿ ਤਤਕਾਲੀ ਇਮਾਰਤ ਅਗਸਤ 2017 ਦੀ ਪੰਚਕੂਲਾ ਹਿੰਸਾ ਦੀ ਸਾਜ਼ਿਸ਼ ਰਚਣ ਵਾਲਿਆਂ ਖ਼ਿਲਾਫ਼ ਦਰਜ ਐੱਫਆਈਆਰ ਦਾ ਹਿੱਸਾ ਹੈ। ਇਹ ਹਿੰਸਾ ਸੀਬੀਆਈ ਅਦਾਲਤ ਵੱਲੋਂ ਜਬਰ ਜਨਾਹ ਦੇ ਮਾਮਲਿਆਂ ’ਚ ਡੇਰਾ ਮੁਖੀ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਹੋਈ ਸੀ। ਦੋਸ਼ਾਂ ਅਨੁਸਾਰ ਨਵੀਂ ਇਮਾਰਤ ਦੀ ਉਸਾਰੀ ਡੇਰਾ ਸੱਚਾ ਸੌਦਾ ਦੇ ਟਰੱਸਟ ਬੋਰਡ ਦੀ ਚੇਅਰਪਰਸਨ ਹਨੀਪ੍ਰੀਤ ਉਰਫ਼ ਪ੍ਰਿਅੰਕਾ ਤਨੇਜਾ ਨੇ ਆਪਣੀ ਰਿਹਾਇਸ਼ ਲਈ ਕੀਤੀ ਹੈ।