ਲੁਧਿਆਣਾ – ਬੇਸ਼ੱਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਨੇਤਾ ਨਿੱਤ ਦਿਨ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ’ਤੇ ਨਿਸ਼ਾਨੇ ਸਾਧਦੇ ਰਹਿੰਦੇ ਹਨ ਪਰ ਇਸ ਦੇ ਬਿਲਕੁਲ ਉਲਟ ਇਨ੍ਹਾਂ ਹੀ ਪਾਰਟੀਆਂ ਦੇ ਪੁਰਾਣੇ ਨੇਤਾ ਆਏ ਦਿਨ ‘ਆਪ’ ਦਾ ਝਾੜੂ ਫੜ੍ਹ ਰਹੇ ਹਨ। ਇਸੇ ਲੜੀ ਤਹਿਤ ਕਾਂਗਰਸ ਸਰਕਾਰ ’ਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖ਼ਾਸਮ ਖ਼ਾਸ ਰਹੇ ਰਜਿੰਦਰ ਸਿੰਘ ਬਸੰਤ ਵੀ ਕਾਂਗਰਸ ਦਾ ‘ਹੱਥ’ ਛੱਡ ਕੇ ‘ਆਪ’ ’ਚ ਸ਼ਾਮਲ ਹੋ ਗਏ।
ਪਾਰਟੀ ਦੇ ਮੁੱਖ ਦਫ਼ਤਰ ਸੈਕਟਰ-30 ਚੰਡੀਗੜ੍ਹ ’ਚ ‘ਆਪ’ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਉਪ ਪ੍ਰਧਾਨ ਤਰਨਪ੍ਰੀਤ ਸਿੰਘ ਸੌਂਧ, ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ, ਜ਼ਿਲ੍ਹਾ ‘ਆਪ’ ਦੇ ਪ੍ਰਧਾਨ ਸ਼ਰਣਪਾਲ ਸਿੰਘ ਮੱਕੜ ਨੇ ਰਜਿੰਦਰ ਬਸੰਤ ਸਮੇਤ ਪੰਜਾਬ ਪੁਲਸ ਤੋਂ ਸੇਵਾਮੁਕਤ ਡੀ. ਐੱਸ. ਪੀ. ਬੁਲੰਦ ਸਿੰਘ, ਓ. ਬੀ. ਸੀ. ਵੈੱਲਫੇਅਰ ਫਰੰਟ ਦੇ ਪ੍ਰਦੇਸ਼ ਪ੍ਰਧਾਨ ਕਰਮਜੀਤ ਸਿੰਘ ਨਾਰੰਗਵਾਲ, ਹਲਕਾ ਦੱਖਣੀ ਤੋਂ ਕਾਂਗਰਸੀ ਟੀ. ਐੱਸ. ਕਾਕਾ, ਸਰਬਜੀਤ ਸਰਬਾ (ਵਿਧਾਨ ਸਭਾ ਖੇਤਰ ਇੰਚਾਰਜ) ਅਤੇ ਅਕਾਲੀ ਦਲ ਤੋਂ ਕੁਲਵੰਤ ਸਿੰਘ ਪੱਪੀ, ਵੈਸਟ ਤੋਂ ਜੋਗਿੰਦਰ ਸਿਘ, ਹਲਕਾ ਪਾਇਲ ਤੋਂ ਕੈਪ. ਰਾਮਪਾਲ ਨੂੰ ਸਿਰੋਪਾ ਪਾ ਕੇ ‘ਆਪ’ ’ਚ ਸ਼ਾਮਲ ਕਰਵਾਇਆ।
ਸਾਬਕਾ ਕਾਂਗਰਸੀ ਰਜਿੰਦਰ ਸਿੰਘ ਬਸੰਤ ਨੇ ਕਿਹਾ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਨੀਤੀਆਂ ਅਤੇ ਪੰਜਾਬ ਸਰਕਾਰ ਵਲੋਂ ਜਨਤਾ ਦੇ ਹਿੱਤਾਂ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਉਹ ਪਾਰਟੀ ’ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸਹੀ ਅਰਥਾਂ ਵਿਚ ‘ਆਪ’ ਹੀ ਪੰਜਾਬ ਦਾ ਵਿਕਾਸ ਕਰ ਰਹੀ ਹੈ। ਪਾਰਟੀ ਦੇ ਪ੍ਰਧਾਨ ਪ੍ਰਿੰਸੀਪਲ ਬੁਧ ਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਲਗਾਤਾਰ ਵਿਰੋਧੀ ਦਲ ਤੇ ਨੇਤਾ ਪ੍ਰਭਾਵਿਤ ਹੋ ਰਹੇ ਹਨ ਪਰ ਅਸੀਂ ਸਾਫ ਅਕਸ ਵਾਲੇ ਨੇਤਾਵਾਂ ਨੂੰ ਹੀ ਪਾਰਟੀ ’ਚ ਸ਼ਾਮਲ ਕਰ ਰਹੇ ਹਾਂ।