ਨੂਰਮਹਿਲ, 10 ਅਗਸਤ (ਦਲਜੀਤ ਸਿੰਘ)- ਨੂਰਮਹਿਲ ‘ਚ ਉਸ ਵੇਲੇ ਲੋਕਾਂ ‘ਚ ਦਹਿਸ਼ਤ ਫੈਲ ਗਈ, ਜਦੋਂ ਤੜਕੇ ਸਵੇਰੇ ਕੁੱਝ ਲੋਕਾਂ ਨੇ ਘਰ ‘ਚ ਵੜ ਕੇ ਇਕ ਨੌਜਵਾਨ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਇਸ ਘਟਨਾ ਦੌਰਾਨ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਨੌਜਵਾਨ ਦੀ ਪਛਾਣ 22 ਸਾਲਾ ਰੋਹਿਤ ਕੁਮਾਰ ਪੁੱਤਰ ਰਾਮ ਲੁਭਾਇਆ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਸਵੇਰੇ 6 ਵਜੇ ਦੇ ਕਰੀਬ ਹਮਲਾਵਰ ਇਕ ਸਕੂਟਰੀ ‘ਤੇ ਆਏ ਅਤੇ ਰੋਹਿਤ ਦੇ ਘਰ ‘ਚ ਵੜ ਕੇ ਗੋਲੀਆਂ ਮਾਰ ਉਸ ਨੂੰ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।