ਅੰਮ੍ਰਿਤਸਰ : ਪੀਟੀਸੀ ਨੈੱਟਵਰਕ ਤੇ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ ਦੇ ਐੱਮਡੀ ਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਦੇ ਨੈੱਟਵਰਕ ਨੂੰ ਆਪਣੇ ਈ-ਮੀਡੀਆ ਰਾਹੀਂ ਸੰਗਤ ਦੇ ਸਨਮੁੱਖ ਰੱਖਿਆ ਹੈ। ਗੱਲਬਾਤ ਕਰਦਿਆਂ ਨਾਰਾਇਣਨ ਨੇ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਹੜੀ ਸ਼੍ਰੋਮਣੀ ਕਮੇਟੀ ਸਰਕਾਰਾਂ ਨਾਲ ਲੋਹਾਂ ਲੈਦਿਆਂ ਸ਼ਹਾਦਤਾਂ ਦਿੰਦੀ ਰਹੀ ਹੋਵੇ ਅੱਜ ਸਰਕਾਰ ਅੱਗੇ ਕਿਵੇਂ ਝੁੱਕ ਗਈ। ਉਨ੍ਹਾਂ ਕਿਹਾ ਕਿ ਜਿਸ ਸੇਵਾ ਬਦਲੇ ਜੀ-ਨੈਕਸਟ ਮੀਡੀਆ ਸ਼੍ਰੋਮਣੀ ਕਮੇਟੀ ਨੂੰ 2 ਕਰੋੜ ਰੁਪਏ ਸਾਲਾਨਾ ਦੇ ਰਹੀ ਹੈ। ਉਸ ਸੇਵਾਵਾਂ ਦੇ ਨੈੱਟਵਰਕ ਨੂੰ ਸਥਾਪਤ ਕਰਨ ਲਈ ਇਕ ਦਹਾਕਾ ਲੱਗ ਗਿਆ ਹੈ।
ਅੱਜ ਦੁਨੀਆ ਦਾ ਕੋਈ ਕੋਨਾ ਨਹੀਂ ਜਿੱਥੇ ਗੁਰਬਾਣੀ ਦਾ ਪ੍ਰਸਾਰਣ ਉਥੇ ਦੇ ਸਮੇਂ ਮੁਤਾਬਕ ਨਾ ਹੁੰਦਾ ਹੋਵੇ। ਨਾਰਾਇਣਨ ਨੇ ਕਿਹਾ ਕਿ ਜੀ-ਨੈਕਸਟ ਮੀਡੀਆ ਭਾਰਤ ਤੋਂ ਇਲਾਵਾ ਹਰ ਦੇਸ਼ ਤਕ ਗੁਰਬਾਣੀ ਪਹੁੰਚਾਉਣ ਲਈ ਜਿਸ ਨੈੱਟਵਰਕ ਨੂੰ ਸਥਾਪਤ ਕਰ ਚੁੱਕਾ ਹੈ, ਇਸ ਨੂੰ ਸੇਵਾ ਸਮਝ ਕੇ ਹੀ ਕੰਮ ਕੀਤਾ ਹੈ। ਅਫਸੋਸ ਨਾਲ ਇਹ ਵੀ ਕਹਿਣਾ ਪੈ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਿਰੋਧੀਆਂ ਦੀਆਂ ਚਾਲਾਂ ਨਾ ਸਮਝ ਸਕਣ ਕਾਰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਪ੍ਰਸਾਰਣ 24 ਜੁਲਾਈ ਨੂੰ ਦੁਨੀਆ ਭਰ ਦੇ ਟੀਵੀ ਤੋਂ ਮਨਫੀ ਕਰਨ ਜਾ ਰਹੀ ਹੈ। ਪੀਟੀਸੀ ਨਾਲ 23 ਜੁਲਾਈ ਗੁਰਬਾਣੀ ਪ੍ਰਸਾਰਣ ਦਾ ਇਕਰਾਰ ਖਤਮ ਹੋ ਜਾਵੇਗਾ। ਸ਼੍ਰੋਮਣੀ ਕਮੇਟੀ ਨੇ ਅਗਾਂਹ ਗੁਰਬਾਣੀ ਪ੍ਰਸਾਰਣ ਦੇ ਕਿਸੇ ਵੀ ਅਧਿਕਾਰ ’ਚ ਵਾਧਾ ਨਹੀਂ ਕੀਤਾ। ਸੰਗਤ ਤੱਕ ਗੁਰਬਾਣੀ ਪ੍ਰਸਾਰਣ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਜੋ ਵੀ ਸੇਵਾਵਾਂ ਪੀਟੀਸੀ ਨੈੱਟਵਰਕ ਨੂੰ ਲਗਾਵੇਗੀ ਸਿਰ ਮੱਥੇ ਪ੍ਰਵਾਨ ਕਰਾਂਗੇ।