ਸੁਲਤਾਨਪੁਰ ਲੋਧੀ – ਬੀਤੀ ਰਾਤ ਚੱਲੀ ਤੇਜ਼ ਹਨੇਰੀ-ਝੱਖੜ ਅਤੇ ਫਿਰ ਪਏ ਮੁਸਲਾਧਾਰ ਮੀਂਹ ਨੇ ਜਿੱਥੇ ਤਪਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਦਵਾਈ, ਉੱਥੇ ਹੀ ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ। ਹਲਕਾ ਸੁਲਤਾਨਪੁਰ ਲੋਧੀ ’ਚ ਪੈਂਦੇ ਮੰਡ ਖੇਤਰ ਦੇ ਪਿੰਡ ਭੈਣੀ ਕਾਦਰ ਬਖ਼ਸ਼ ’ਚ ਇਕ ਕਿਸਾਨ ਕਾਰਜ ਸਿੰਘ ਦੇ ਘਰ, ਪਸ਼ੂਆਂ ਦੇ ਤਬੇਲੇ ਅਤੇ ਹੋਰ ਸਾਮਾਨ ਨੂੰ ਤਬਾਹ ਕਰਕੇ ਖੰਡਰ ਦੇ ਰੂਪ ’ਚ ਤਬਦੀਲ ਕਰ ਦਿੱਤਾ। ਤੇਜ਼ ਹਨੇਰੀ ਅਤੇ ਝੱਖੜ ਕਾਰਨ ਗ਼ਰੀਬ ਕਿਸਾਨ ਕਾਰਜ ਸਿੰਘ ਵੱਲੋਂ ਪਸ਼ੂਆਂ ਲਈ ਬਣਾਇਆ ਗਿਆ ਸ਼ੈੱਡ ਉੱਡ ਗਿਆ ਅਤੇ ਨਾਲ ਹੀ ਲੱਗਦੇ ਤੂੜੀ ਦੀ ਸੰਭਾਲ ਲਈ ਬਣਾਇਆ ਸ਼ੈੱਡ ਵੀ ਤਹਿਸ-ਨਹਿਸ ਹੋ ਗਿਆ ਕਿ ਸਾਲ ਭਰ ਲਈ ਪਸ਼ੂਆਂ ਦੇ ਚਾਰੇ ਅਤੇ ਖਾਣ ਲਈ ਰੱਖੀ ਤੂੜੀ ਵੀ ਖ਼ਰਾਬ ਹੋ ਗਈ।
ਝੱਖੜ ਅਤੇ ਤੇਜ਼ ਹਨੇਰੀ ਨੇ ਇਥੇ ਹੀ ਬਸ ਨਹੀਂ ਕੀਤਾ ਕਿ ਕਿਸਾਨ ਵੱਲੋਂ ਬਣਾਇਆ ਚੁਬਾਰਾ ਵੀ ਬਰਬਾਦੀ ਅਤੇ ਤਬਾਹੀ ਦੀ ਭੇਟ ਚੜ੍ਹ ਗਿਆ। ਮਕਾਨ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਿਰਫ਼ 3 ਏਕੜ ’ਚ ਆਪਣੇ ਪਰਿਵਾਰ ਦਾ ਪੇਟ ਪਾਲ ਕੇ ਗੁਜ਼ਾਰਾ ਕਰਨ ਵਾਲੇ ਕਿਸਾਨ ‘ਤੇ ਇਹ ਬਾਰਿਸ਼, ਹਨੇਰੀ ਸਭ ਕੁੱਝ ਤਬਾਹ ਕਰ ਗਈ। ਕਿਸਾਨ ਕਾਰਜ ਸਿੰਘ ਨੇ ਬੇਮੌਸਮੇ ਮੀਂਹ ਅਤੇ ਤੇਜ਼ ਹਨੇਰੀ ਨਾਲ ਹੋਈ ਬਰਬਾਦੀ ‘ਤੇ ਭਾਵੁਕ ਹੁੰਦਿਆਂ ਦੱਸਿਆ ਕਿ ਬਹੁਤ ਮੁਸ਼ਕਿਲ ਨਾਲ ਕੁੱਝ ਜੋੜ ਕੇ ਘਰ ਅਤੇ ਪਸ਼ੂਆਂ ਲਈ ਤਬੇਲਾ ਬਣਾਇਆ ਸੀ, ਜੋ ਇਸ ਹਨੇਰੀ ਅਤੇ ਮੀਂਹ ਨੇ ਸਾਰਾ ਬਰਬਾਦ ਕਰ ਦਿੱਤਾ। ਹੁਣ ਨਵੇਂ ਸਿਰੇ ਤੋਂ ਬਨਾਉਣ ਲਈ ਦੁਬਾਰਾ ਮਿਹਨਤ ਕਰਨੀ ਪਵੇਗੀ। ਉਸ ਨੇ ਦੱਸਿਆ ਕਿ ਘਰ ਵਿਚ ਉਸ ਦੇ 2 ਬੇਟੇ ਹਨ, ਜੋਕਿ ਮਿਹਨਤ ਮਜ਼ਦੂਰੀ ਕਰਦੇ ਹਨ। ਅਜਿਹੇ ਵਿਚ ਦੁਬਾਰਾ ਕਿਵੇ ਬਨਾਵਾਂਗੇ ਇਹ ਹੁਣ ਸਮਝ ਤੋਂ ਬਾਹਰ ਹੈ। ਮੀਂਹ ਕਾਰਨ ਮੱਕੀ ਦੀ ਫ਼ਸਲ ਖ਼ਰਾਬ ਹੋ ਗਈ ਹੈ। ਹੁਣ ਤਾਂ ਪ੍ਰਸ਼ਾਸਨ ਜਾਂ ਸਰਕਾਰ ‘ਤੇ ਹੀ ਉਮੀਦ ਹੈ ਕਿ ਉਹ ਕੁਝ ਸਹਾਇਤ ਦੇਵੇ।
ਪ੍ਰਸ਼ਾਸਨ ਤੇ ਸਰਕਾਰ ਪੀੜਤ ਨੂੰ ਤੁਰੰਤ ਦੇਵੇ ਮੁਆਵਜ਼ਾ: ਪਰਮਜੀਤ ਬਾਊਪੁਰ
ਇਸ ਸਬੰਧੀ ਜਾਣਕਾਰੀ ਦਿੰਦੇ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ, ਕੁਲਦੀਪ ਸਿੰਘ ਸਾਂਗਰਾ ਨੇ ਕਿਹਾ ਕਿ ਇਹ ਗਰੀਬ ਕਿਸਾਨ ਹੈ, ਜੋ ਬਹੁਤ ਮੁਸ਼ਕਿਲ ਨਾਲ ਥੋੜੀ ਜ਼ਮੀਨ ’ਚ ਖੇਤੀਬਾੜੀ ਰਾਹੀਂ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਮੀਂਹ ਨੇ ਉਸ ਦੇ ਘਰ ਦਾ ਬਹੁਤ ਨੁਕਸਾਨ ਕੀਤਾ ਹੈ, ਜਿਸ ਨੂੰ ਪੂਰਾ ਕਰਨਾ ਹੁਣ ਕਿਸਾਨ ਦੇ ਵੱਸ ’ਚ ਨਹੀਂ ਹੈ। ਉਨ੍ਹਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੁਣ ਅੱਗੇ ਆ ਕੇ ਕਿਸਾਨ ਦੀ ਬਾਂਹ ਫੜਨੀ ਚਾਹੀਦੀ ਹੈ ਤਾਂ ਜੋ ਉਸ ਦੇ ਘਰ ਦੀ ਦੋਬਾਰਾ ਛੱਤ ਬਣ ਸਕੇ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਤੁਰੰਤ ਮੁਆਵਜ਼ਾ ਦੇਣ ਦੀ ਮੰਗ ਕੀਤੀ।