9 ਸਾਲਾ ਅਰਜਿਤ ਸ਼ਰਮਾ ਨੇ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਲਹਿਰਾਇਆ ਤਿਰੰਗਾ, ਲੋਕਾਂ ਨੂੰ ਕੀਤੀ ਖ਼ਾਸ ਅਪੀਲ


ਸ੍ਰੀ ਅਨੰਦਪੁਰ ਸਾਹਿਬ/ਢੇਰ -ਪਿੰਡ ਗੰਭੀਰਪੁਰ ਦੇ ਰਹਿਣ ਵਾਲੇ 9 ਸਾਲਾ ਮੁੰਡੇ ਅਰਜਿਤ ਸ਼ਰਮਾ ਨੇ 17 ਕਿਲੋਮੀਟਰ ਮੁਸ਼ਕਿਲ ਪਹਾੜੀ ਅਤੇ ਗਲੇਸ਼ੀਅਰ ਵਾਲਾ ਰਸਤਾ ਪੈਦਲ ਟ੍ਰੈਕ ਕਰ ਕੇ ਲਗਭਗ 14,300 ਫੁੱਟ ਉੱਚੇ ਮਿਨਕਿਆਨੀ ਪਾਸ ’ਤੇ ਤਿਰੰਗਾ ਝੰਡਾ ਲਹਿਰਾਇਆ ਹੈ। ਅਰਜਿਤ ਸ਼ਰਮਾ ਪੰਜਵੀਂ ਜਮਾਤ ’ਚ ਪੜ੍ਹਦਾ ਅਤੇ ਇਸ ਮੌਕੇ ਉਸ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕੀਤੀ।
ਇਸ ਬੱਚੇ ਤੋਂ ਇਲਾਵਾ ਇਸ ਟ੍ਰੈਕ ਗਰੁੱਪ ’ਚ 6 ਹੋਰ ਲੋਕ ਸ਼ਾਮਲ ਸਨ। ਅਰਜਿਤ ਨੇ ਦੱਸਿਆ ਕਿ ਉਨ੍ਹਾਂ ਨੇ 10 ਜੂਨ ਸਵੇਰੇ 9 ਵਜੇ ਕਾਂਗੜਾ ਜ਼ਿਲ੍ਹੇ ਦੇ ਪਿੰਡ ਕਰੇਰੀ ਤੋਂ ਪੈਦਲ ਸਫ਼ਰ ਸ਼ੁਰੂ ਕੀਤਾ ਅਤੇ ਦੁਪਹਿਰ 2 ਵਜੇ 10 ਕਿਲੋਮੀਟਰ ਦਾ ਮੁਸ਼ਕਿਲ ਪਹਾੜੀ ਰਸਤਾ ਤੈਅ ਕਰ ਕੇ ਲਗਭਗ 10,000 ਫੁੱਟ ਉੱਚੀ ਕਰੇਰੀ ਝੀਲ ਦੇ ਕੰਢੇ ਪਹੁੰਚ ਕੇ ਉੱਥੇ ਟੈਂਟ ’ਚ ਰਾਤ ਬਿਤਾਈ। ਇਸ ਤੋਂ ਬਾਅਦ ਅਗਲੇ ਦਿਨ ਸਵੇਰੇ 5.45 ’ਤੇ ਮਿਨਕਿਆਨੀ ਪਾਸ ਲਈ ਸਫ਼ਰ ਸ਼ੁਰੂ ਕੀਤਾ। ਇਹ ਰਸਤਾ ਤਿੱਖੀ ਚੜ੍ਹਾਈ ਵਾਲਾ ਸੀ ਅਤੇ ਵਾਰ-ਵਾਰ ਮੀਂਹ ਇਸ ਸਫ਼ਰ ਨੂੰ ਹੋਰ ਮੁਸ਼ਕਿਲ ਬਣਾ ਰਿਹਾ ਸੀ।

ਰਸਤੇ ’ਚ ਵੱਡੀਆਂ-ਵੱਡੀਆਂ ਚੱਟਾਨਾਂ ਅਤੇ ਗਲੇਸ਼ੀਅਰ ਸਨ। ਲਗਭਗ 7 ਕਿਲੋਮੀਟਰ ਦਾ ਇਹ ਰਸਤਾ ਪਾਰ ਕਰ ਕੇ ਗਰੁੱਪ ਲਗਭਗ ਸਵੇਰੇ 10 ਵਜੇ ਪਾਸ ’ਤੇ ਪਹੁੰਚਣ ’ਚ ਸਫ਼ਲ ਹੋ ਗਿਆ। ਇਹ ਪਾਸ ਧੌਲਾਧਾਰ ਪਹਾੜੀਆਂ ’ਚ ਸਥਿਤ ਹੈ।

Leave a Reply

Your email address will not be published. Required fields are marked *