10ਵੀਂ ਬੋਰਡ ਦੇ ਨਤੀਜਿਆਂ ਤੋਂ ਸਾਹਮਣੇ ਆਏ ਚਿੰਤਾਜਨਕ ਰੁਝਾਨ, ਪੰਜਾਬ ‘ਚ ਹੀ ‘ਪਰਾਈ’ ਹੋਈ ਪੰਜਾਬੀ


ਮੋਹਾਲੀ – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੀਤੇ ਦਿਨ ਐਲਾਨੇ ਗਏ 10ਵੀਂ ਜਮਾਤ ਦੇ ਸਾਲਾਨਾ ਪ੍ਰੀਖਿਆ ਦੇ ਨਤੀਜੇ ਵਿਚ ਕਈ ਚਿੰਤਾਜਨਕ ਰੁਝਾਨ ਸਾਹਮਣੇ ਆਏ ਹਨ। ਸਿੱਖਿਆ ਬੋਰਡ ਵਲੋਂ ਦਿੱਤੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹੀ ਹੋਰਨਾਂ ਭਾਸ਼ਾਵਾਂ ਦੇ ਮੁਕਾਬਲੇ ਪੰਜਾਬੀ ਭਾਸ਼ਾ ਵਿਚ ਘੱਟ ਗਿਣਤੀ ਵਿਚ ਵਿਦਿਆਰਥੀ ਪਾਸ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਵਿਚ 281267 ਉਮੀਦਵਾਰ ਬੈਠੇ ਸਨ, ਜਿਨ੍ਹਾਂ ਵਿਚੋਂ ਸਿਰਫ਼ 279002 ਉਮੀਦਵਾਰ ਹੀ ਪਾਸ ਹੋਏ ਹਨ, ਜਿਨ੍ਹਾਂ ਦੀ ਪਾਸ ਦਰ 99.19 ਹੈ। ਦੂਜੇ ਪਾਸੇ ਅੰਗਰੇਜ਼ੀ ਦੀ ਪ੍ਰੀਖਿਆ ਵਿਚ ਪਾਸ ਦਰ 99.22, ਹਿੰਦੀ ਦੀ 99.62, ਸੰਸਕ੍ਰਿਤ ਦੀ 99.86 ਤੇ ਉਰਦੂ ਦੀ ਪਾਸ ਦਰ 99.76 ਰਹੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਦੀ ਪ੍ਰੀਖਿਆ ਦੇ ਨਤੀਜਾ ਐਲਾਨਿਆ ਗਿਆ, ਜਿਸ ਵਿੱਚ ਪਹਿਲੇ ਤਿੰਨ ਸਥਾਨਾਂ ‘ਤੇ ਹਰ ਵਾਰ ਦੀ ਤਰ੍ਹਾਂ ਪੰਜਾਬ ਦੀਆਂ ਧੀਆਂ ਕਾਬਜ਼ ਹੋਈਆਂ। ਐਲਾਨ ਗਏ ਨਤੀਜਿਆਂ ‘ਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਫਰੀਦਕੋਟ ਦੀ ਵਿਦਿਆਰਥਣ ਗਗਨਦੀਪ ਕੌਰ ਪੁੱਤਰੀ ਗੁਰਸੇਵਕ ਸਿੰਘ 650 ’ਚੋਂ 650 ਅੰਕਾਂ ਨਾਲ ਪਹਿਲੇ, ਇਸੇ ਹੀ ਸਕੂਲ ਦੀ ਨਵਜੋਤ 648 ਅੰਕਾਂ ਨਾਲ ਦੂਜੇ ਅਤੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਹਾਈ ਸਕੂਲ ਮੰਢਾਲੀ ਦੀ ਹਰਮਨਦੀਪ ਕੌਰ ਨੇ 646 ਅੰਕਾਂ ਨਾਲ ਪੰਜਾਬ ਭਰ ਵਿਚੋਂ ਤੀਜੇ ਸਥਾਨ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪ੍ਰੀਖਿਆ ਵਿੱਚ ਕੁੱਲ 281327 ਪ੍ਰੀਖਿਆਰਥੀ ਅਪੀਅਰ ਹੋਏ, ਜਿਨ੍ਹਾਂ ਵਿੱਚੋਂ 274400 ਪਾਸ ਹੋਏ ਹਨ ਤੇ ਸਮੁੱਚਾ ਨਤੀਜਾ 97.54 ਫ਼ੀਸਦੀ ਰਿਹਾ।

Leave a Reply

Your email address will not be published. Required fields are marked *