ਸ੍ਰੀ ਚਮਕੌਰ ਸਾਹਿਬ – ਸ੍ਰੀ ਚਮਕੌਰ ਸਾਹਿਬ ਵਿਚ ਸਿਆਸੀ ਅਫਵਾਹਾਂ ਦਾ ਬਾਜ਼ਾਰ ਉਸ ਸਮੇਂ ਸਿਖ਼ਰ ’ਤੇ ਪੁੱਜ ਗਿਆ, ਜਦੋਂ ਨਗਰ ਕੌਂਸਲ ਦੇ ਦਫ਼ਤਰ ਵਿਚ ਵਿਜੀਲੈਂਸ ਵਲੋਂ ਦਫ਼ਤਰ ਦਾ ਰਿਕਾਰਡ ਖੰਘਾਲਣ ਦਾ ਰੌਲਾ ਪੈ ਗਿਆ। ਜਾਣਕਾਰੀ ਅਨੁਸਾਰ ਬੀਤੇ ਦਿਨ ਵਿਜੀਲੈਂਸ ਵਿਭਾਗ ਦੀ ਟੀਮ ਵਲੋਂ ਚਾਂਦ ਸਿੰਗਲਾ ਦੀ ਅਗਵਾਈ ਵਿਚ ਇੱਥੇ ਛਾਪਾ ਮਾਰਿਆ ਗਿਆ ਅਤੇ ਲੱਗਭਗ ਸਾਰਾ ਦਿਨ ਸ੍ਰੀ ਚਮਕੌਰ ਸਾਹਿਬ ਦੀਆਂ ਨਾਜਾਇਜ਼ ਕਾਲੋਨੀਆ, ਉਸਾਰੀਆਂ ਤੇ ਸੀਵਰੇਜ ਆਦਿ ਦੇ ਕੰਮਾਂ ਦੀ ਜਾਂਚ ਪੜਤਾਲ ਦਿੱਤੀ ਗਈ।ਭਾਵੇਂ ਇਨ੍ਹਾਂ ਅਧਿਕਾਰੀਆਂ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਕੋਰੀ ਨਾਂਹ ਕਰ ਦਿੱਤੀ, ਫਿਰ ਵੀ ਉਨ੍ਹਾਂ ਨਾਲ ਘੁੰਮ ਰਹੇ ਕੌਂਸਲਰ ਆਮ ਆਦਮੀ ਪਾਰਟੀ ਦੇ ਸੁਖਵੀਰ ਸਿੰਘ, ਭੁਪਿੰਦਰ ਸਿੰਘ ਭੂਰਾ ਅਤੇ ਮਹਿਲਾ ਕੌਂਸਲਰਾਂ ਦੇ ਪਤੀ ਸਮਸ਼ੇਰ ਸਿੰਘ ਮੰਗੀ ਅਤੇ ਦਰਸ਼ਨ ਵਰਮਾ ਆਦਿ ਨੇ ਕੁਝ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 6 ਕੁ ਮਹੀਨੇ ਪਹਿਲਾਂ 7 ਕੌਂਸਲਰਾਂ ਦੇ ਦਸਤਖ਼ਤਾਂ ਹੇਠ ਉਪਰੋਕਤ ਵਿਭਾਗ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੀ ਸੱਤਾ ਸਮੇਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਛਤਰ-ਛਾਇਆ ਹੇਠ ਕਥਿਤ ਤੌਰ ’ਤੇ ਆਪਣੇ ਚਹੇਤਿਆਂ ਅਤੇ ਭ੍ਰਿਸ਼ਟਾਚਾਰ ਰਾਹੀਂ ਨਾਜਾਇਜ਼ ਉਸਾਰੀਆਂ, ਸੀਵਰੇਜ ਅਤੇ ਕਾਲੋਨੀਆਂ ਬਿਨ੍ਹਾਂ ਸੀ. ਐੱਲ. ਯੂ. ਅਤੇ ਨਕਸ਼ਿਆਂ ਦੇ ਪਾਸ ਕਰਵਾਈਆਂ, ਜਿਸ ਨਾਲ ਨਗਰ ਕੌਂਸਲ ਨੂੰ ਭਾਰੀ ਵਿੱਤੀ ਘਾਟਾ ਪਿਆ। ਬੀਤੇ ਦਿਨ ਵਿਜੀਲੈਂਸ ਵਿਭਾਗ ਨੇ ਸਾਰਾ ਰਿਕਾਰਡ ਚੈੱਕ ਕੀਤਾ ਅਤੇ ਜ਼ਰੂਰੀ ਦਸਤਾਵੇਜ਼ ਮੰਗਵਾਏ।
ਉੱਧਰ ਇਹ ਵੀ ਪਤਾ ਲੱਗਾ ਹੈ ਕਿ ਵਿਜੀਲੈਂਸ ਵਿਭਾਗ ਨੇ ਵੱਖ-ਵੱਖ ਟੀਮਾਂ ਬਣਾ ਕੇ ਸਬੰਧਿਤ ਥਾਵਾਂ ਦੀ ਮਿਣਤੀ ਵੀ ਕੀਤੀ। ਜਦੋਂ ਇਸ ਸਬੰਧੀ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕੀ ਇਸ ਪਿੱਛੇ ਕੋਈ ਵੀ ਸਿਆਸੀ ਮਨਸੂਬਾ ਨਹੀਂ ਹੈ, ਇਹ ਇਕ ਵਿਭਾਗੀ ਪ੍ਰਕਿਰਿਆ ਹੈ।
ਜਦੋਂ ਉਨ੍ਹਾਂ ਤੋਂ ਇਹ ਪੁੱਛਿਆ ਗਿਆ ਕੀ ਬੀਤੇ ਸਮੇਂ ਵਿਚ ਜੋ ਕੌਂਸਲਰ ਅਤੇ ਆਗੂ ਪਹਿਲਾਂ ਕਾਂਗਰਸ ਪਾਰਟੀ ਵਿਚ ਸਨ, ਉਹ ਹੁਣ ਆਮ ਆਦਮੀ ਪਾਰਟੀ ਵਿਚ ਚਲੇ ਗਏ ਤੇ ਕੀ ਉਨ੍ਹਾਂ ਦੀ ਸ਼ਿਕਾਇਤ ’ਤੇ ਹੀ ਇਹ ਕਾਰਵਾਈ ਹੋਈ ਹੈ? ਕੀ ਕਾਂਗਰਸੀ ਪ੍ਰਧਾਨ ਸਮਸ਼ੇਰ ਸਿੰਘ ਭੰਗੂ ਨੂੰ ਕੁਰਸੀ ਤੋਂ ਲਾਹੁਣ ਦੀ ਜਾਅਲਸਾਜ਼ੀ ਤਾਂ ਨਹੀ? ਤਾਂ ਉਨ੍ਹਾਂ ਕਿਹਾ ਕਿ ‘ਆਪ’ ਪਾਰਟੀ ਇਮਾਨਦਾਰ ਪਾਰਟੀ ਹੈ। ਜੋ ਵੀ ਭ੍ਰਿਸ਼ਟਾਚਾਰ ਵਿਚ ਸ਼ਾਮਲ ਪਾਇਆ ਗਿਆ, ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਵੇਂ ਪ੍ਰਧਾਨ ਦੀ ਪ੍ਰਧਾਨਗੀ ਦਾ ਕੋਈ ਰੌਲਾ ਨਹੀਂ ਹੈ।
ਇਸ ਸਬੰਧੀ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਇਸ ਨੂੰ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਦੱਸਿਆ। ਉਨ੍ਹਾਂ ਕਿਹਾ ਕਿ ਵਿਜੀਲੈਂਸ ਵਿਭਾਗ ਆਮ ਆਦਮੀ ਪਾਰਟੀ ਦਾ ਆਪਣੇ ਵਿਰੋਧੀਆਂ ਲਈ ਪਸੰਦੀਦਾ ਹਥਿਆਰ ਹੈ, ਜਿਵੇਂ ਮੈਨੂੰ ਬੇਲੋੜਾ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਹੀ ਹੁਣ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਪ੍ਰੇਸ਼ਾਨ ਕਰਨ ਦਾ ਮੁੱਖ ਮੰਤਰੀ ਨੇ ਇਰਾਦਾ ਧਾਰਿਆ ਹੋਇਆ ਹੈ।