CM ਮਾਨ ਨੇ ਸੰਗਰੂਰ ਵਾਸੀਆਂ ਨੂੰ ਦਿੱਤਾ ਤੋਹਫ਼ਾ, RDF ਨੂੰ ਲੈ ਕੇ ਆਖ਼ੀ ਵੱਡੀ ਗੱਲ


ਸੰਗਰੂਰ : ਪੰਜਾਬ ਦੇ ਮੁੱਖ ਮੰਤਰੀ ਵੱਲੋਂ ਦਿੜ੍ਹਬਾ ਦੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਨਵਾਂ ਤਹਿਸੀਲ ਕੰਪਲੈਕਸ 9 ਕਰੋੜ, 6 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਅਤੇ ਇਸ ਦਾ ਸਾਰਾ ਕੰਮ ਇਕ ਸਾਲ ਅੰਦਰ ਪੂਰਾ ਹੋ ਜਾਵੇਗਾ। ਤਹਿਸੀਲ ਕੰਪਲੈਕਸ 5 ਮੰਜ਼ਿਲਾ ਬਣਾਇਆ ਜਾਵੇਗਾ, ਜਿਸ ਨਾਲ ਇੱਕੋ ਛੱਤ ਹੇਠਾਂ ਲੋਕਾਂ ਦੇ ਸਾਰੇ ਕੰਮ ਹੋ ਜਾਇਆ ਕਰਨਗੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਕੰਪਲੈਕਸ ‘ਚ ਜਦੋਂ ਐੱਸ. ਡੀ. ਐੱਮ. ਦਫ਼ਤਰ ‘ਚ ਕੋਈ ਬਾਪੂ ਜ਼ਮੀਨ ਦੀ ਫ਼ਰਦ ਲੈ ਕੇ ਆਵੇਗਾ ਤਾਂ ਉਸ ਦੇ ਹੱਥੋਂ ਇਸ ਦਾ ਉਦਘਾਟਨ ਕਰਵਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਤਹਿਸੀਲਾਂ ਨੂੰ ਮਾਡਰਨ ਬਣਾਵਾਂਗੇ ਅਤੇ ਲੋਕਾਂ ਨੂੰ ਹਰ ਸਹੂਲਤ ਮਿਲੇਗੀ। ਉਨ੍ਹਾਂ ਨੇ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਤਹਿਸੀਲ ਕੰਪਲੈਕਸ ਨੂੰ ਬਣਾਉਣ ‘ਚ ਵਧੀਆ ਮਟੀਰੀਅਲ ਵਰਤਿਆ ਜਾਵੇ ਅਤੇ ਕਿਸੇ ਤਰ੍ਹਾਂ ਦੀ ਵੀ ਸ਼ਿਕਾਇਤ ਨਾ ਹੋਵੇ। ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ‘ਤੇ ਨਿਸ਼ਾਨੇ ਵਿੰਨ੍ਹਦਿਆਂ ਕਿਹਾ ਕਿ ਪਹਿਲਾਂ ਪੰਜਾਬ ਗਲਤ ਲੋਕਾਂ ਦੇ ਹੱਥਾਂ ‘ਚ ਸੀ ਅਤੇ ਭ੍ਰਿਸ਼ਟਾਚਾਰੀਆਂ ਦੇ ਘਰਾਂ ‘ਚੋਂ ਪੈਸਾ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੈਸਾ ਅਸੀਂ ਖਜ਼ਾਨੇ ‘ਚ ਲੈ ਕੇ ਆਵਾਂਗੇ ਅਤੇ ਲੋਕਾਂ ਦੇ ਲਈ ਪੰਜਾਬ ਦਾ ਖਜ਼ਾਨਾ ਕਦੇ ਖ਼ਾਲੀ ਨਹੀਂ ਹੈ। ਨੌਜਵਾਨਾਂ ਦੇ ਮਾਮਲੇ ਬਾਰੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਾਹਰਲੇ ਮੁਲਕਾਂ ‘ਚ ਡਾਲਰ ਕਮਾਉਣੇ ਸੌਖੇ ਨਹੀਂ ਹਨ ਅਤੇ ਜੇਕਰ ਸਾਡੇ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ ਤਾਂ ਉਹ ਆਪਣੇ ਪਰਿਵਾਰਾਂ ‘ਚ ਰਹਿ ਸਕਣਗੇ।

ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵੱਡੀਆਂ-ਵੱਡੀਆਂ ਫੈਕਟਰੀਆਂ ਸੂਬੇ ‘ਚ ਆ ਰਹੀਆਂ ਹਨ। ਕੇਂਦਰ ਸਰਕਾਰ ‘ਤੇ ਤਿੱਖਾ ਵਿਅੰਗ ਕੱਸਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੇਂਡੂ ਵਿਕਾਸ ਫੰਡਾਂ ਦੇ ਲਈ ਅਸੀਂ ਕੇਂਦਰ ਸਰਕਾਰ ਦੀਆਂ ਬਹੁਤੀਆਂ ਮਿੰਨਤਾਂ-ਤਰਲੇ ਨਹੀਂ ਕਰਦੇ ਅਤੇ ਇਹ ਪੈਸਾ ਕੇਂਦਰ ਨੇ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਫੰਡ ਸਾਡਾ ਹੱਕ ਹੈ ਅਤੇ ਅਸੀਂ ਇਸ ਨੂੰ ਲੈ ਕੇ ਰਹਾਂਗੇ। ਜਲੰਧਰ ਜ਼ਿਮਨੀ ਚੋਣ ‘ਚ ਜਿੱਤ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਲੰਧਰ ਦੇ ਲੋਕਾਂ ਨੇ ਈਮਾਨਦਾਰੀ ਅਤੇ ਸਾਡੇ ਕੰਮਾਂ ‘ਤੇ ਮੋਹਰ ਲਾਈ ਹੈ, ਜੋ ਕਿ ਵਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ।

Leave a Reply

Your email address will not be published. Required fields are marked *