ਅੰਮ੍ਰਿਤਸਰ: ਸਥਾਨਿਕ ਸ਼ਹਿਰ ‘ਚ ਅੱਧੀ ਰਾਤ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਜ਼ਬਰਦਸਤ ਧਮਾਕਾ ਹੋਇਆ, ਜਿਸ ਦੇ ਮੁਲਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਦਸਤੇ ਨੇ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਨੇੜੇ ਹੋਏ ਧਮਾਕੇ ਦੀ ਘਟਨਾ ਬਹੁਤ ਨਿੰਦਣਯੋਗ ਹੈ। ਇਹ ਘਟਨਾ ਪਿਛਲੇ 2 ਦਿਨ ਤੋਂ ਵਾਪਰ ਰਹੀ ਹੈ, ਜਿਸ ਦੀ ਪੁਲਸ ਨੂੰ ਜਾਂਚ ਕਰਨੀ ਚਾਹੀਦੀ ਹੈ।
ਧਾਮੀ ਨੇ ਕਿਹਾ ਕਿ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਸਰਕਾਰ ਦੀ ਨਾਕਾਮੀ ਦਾ ਨਤੀਜਾ ਹਨ। ਇਹ ਇੱਕ ਗਹਿਰੀ ਸਾਜ਼ਿਸ਼ ਹੈ। ਸਰਕਾਰ ਨੇ ਪਹਿਲਾਂ ਹੋਏ ਧਮਾਕਿਆਂ ਨੂੰ ਸੀਰੀਅਸ ਨਹੀਂ ਲਿਆ, ਜਿਸ ਕਾਰਨ ਮੁੜ ਤੀਜਾ ਧਮਾਕਾ ਹੋਇਆ ਹੈ। ਧਾਮੀ ਨੇ ਕਿਹਾ ਕਿ ਇਹ ਧਮਾਕਾ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਪਿਛਲੇ ਪਾਸੇ ਗਲਿਆਰੇ ਵਿੱਚ ਹੋਇਆ ਹੈ। ਧਮਾਕੇ ਕਾਰਨ ਕਿਸੇ ਕਿਸਮ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸਥਾਨ ‘ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸਿੱਖਾਂ ਦਾ ਕੇਂਦਰੀ ਅਸਥਾਨ ਹੈ, ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਆਉਂਦੀਆਂ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਧਾਮੀ ਨੇ ਦੱਸਿਆ ਕਿ ਧਮਾਕੇ ਵਾਲੀ ਘਟਨਾ ਦੀ ਸਾਰੀ ਫੁਟੇਜ ਉਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸੇ ਦੇ ਆਧਾਰ ‘ਤੇ ਸ਼੍ਰੋਮਣੀ ਕਮੇਟੀ ਦੇ ਸੀਸੀਟੀਵੀ ਇੰਚਾਰਜ ਨੇ ਸ਼ੱਕੀ ਬੰਦੇ ਦੀ ਸ਼ਨਾਖ਼ਤ ਕੀਤੀ, ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਸੁਰੱਖਿਆ ਦਸਤੇ ਨੇ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਧਮਾਕੇ ਵਾਲੀ ਥਾਂ ਤੋਂ ਕੁਝ ਕਾਗਜ਼ ਮਿਲੇ ਹਨ, ਜੋ ਪੁਲਸ ਨੂੰ ਸੌਂਪ ਦਿੱਤੇ ਗਏ ਹਨ। ਧਾਮੀ ਨੇ ਕਿਹਾ ਕਿ ਧਮਾਕਾ ਕਰਨ ਬਾਅਦ ਉਕਤ ਵਿਅਕਤੀ ਬਰਾਂਡੇ ‘ਚ ਜਾ ਕੇ ਸੌਂ ਗਿਆ, ਜਿਸ ਨੂੰ ਸਾਡੇ ਸੁਰੱਖਿਆ ਦਸਤੇ ਨੇ ਕਾਬੂ ਕਰ ਲਿਆ। ਇਸ ਮਾਮਲੇ ਦੀ ਪੁੱਛਗਿੱਛ ਕਰਨ ਤੋਂ ਬਾਅਦ ਸਰਾਂਵਾ ‘ਚ ਰੁਕੇ ਇਕ ਹੋਰ ਜੋੜੇ ਨੂੰ ਵੀ ਦਸਤੇ ਨੇ ਕਾਬੂ ਕਰ ਲਿਆ। ਉਕਤ ਮੁਲਜ਼ਮਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।