ਜਲੰਧਰ : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਸਵੇਰ ਤੋਂ ਹੀ ਪੋਲਿੰਗ ਬੂਥਾਂ ’ਤੇ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਨਜ਼ਰ ਆਈਆਂ। ਇਸ ਦੌਰਾਨ ਸ਼ਾਹਕੋਟ ਦੇ ਪਿੰਡ ਰੂਵੇਲਾ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ। ਸ਼ਾਹਕੋਟ ਵਿਚ ਕਾਂਗਰਸ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੋਸ਼ ਲਗਾਇਆ ਕਿ ਬਾਬਾ ਬਕਾਲਾ ਤੋਂ ਆਮ ਆਦਮੀ ਪਾਰਟੀ ਵਿਧਾਇਕ ਦਲਵੀਰ ਸਿੰਘ ਟੋਂਗ ਜਲੰਧਰ ਵਿਚ ਘੁੰਮ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮ ਮੁਤਾਬਕ ਵੋਟਿੰਗ ਵਾਲੇ ਦਿਨ ਬਾਹਰੀ ਜ਼ਿਲ੍ਹੇ ਦਾ ਆਦਮੀ ਜਲੰਧਰ ਵਿਚ ਨਹੀਂ ਆ ਸਕਦਾ। ਇਸ ਦੇ ਬਾਵਜੂਦ ਵਿਧਾਇਕ ਟੋਂਗ ਇਥੇ ਵੋਟਰਾਂ ਨੂੰ ਪ੍ਰਭਾਵਤ ਕਰ ਰਹੇ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਦੋਸ਼ ਲਗਾਇਆ ਕਿ ਕਾਂਗਰਸ ਵਰਕਰਾਂ ਨੇ ਧੱਕੇਸ਼ਾਹੀ ਕੀਤੀ ਹੈ। ਜਿਸ ਤੋਂ ਬਾਅਦ ਵਿਧਾਇਕ ਟੋਂਗ ਨੂੰ ਉਥੇ ਕਮਰੇ ਵਿਚ ਬਿਠਾ ਦਿੱਤਾ ਗਿਆ। ਮੌਕੇ ’ਤੇ ਪੁਲਸ ਨੇ ਪਹੁੰਚ ਕੇ ਵਿਧਾਇਕ ਨੂੰ ਬਾਹਰ ਕੱਢਿਆ ਅਤੇ ਆਪਣੇ ਨਾਲ ਥਾਣੇ ਲੈ ਗਈ। ਫਿਲਹਾਲ ਪੁਲਸ ਵਲੋਂ ਮੌਕੇ ’ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਹੇਠ ਕਰ ਲਿਆ ਹੈ ਅਤੇ ਵੋਟਿੰਗ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।