ਲੁਧਿਆਣਾ ਗੈਸ ਲੀਕ ਕਾਂਡ ਤੋਂ ਬਾਅਦ ਵੱਡੀ ਕਾਰਵਾਈ,


ਲੁਧਿਆਣਾ : ਗਿਆਸਪੁਰਾ ਦੇ ਸੂਆ ਰੋਡ ’ਤੇ ਜ਼ਹਿਰੀਲੀ ਗੈਸ ਕਾਰਣ 11 ਲੋਕਾਂ ਦੀ ਜਾਨ ਜਾਣ ਤੋਂ ਬਾਅਦ ਪੀ. ਪੀ. ਸੀ. ਬੀ. ਤੇ ਨਗਰ ਨਿਗਮ ਦੇ ਅਧਿਕਾਰੀ ਹਰਕਤ ਵਿਚ ਆਏ ਹਨ। ਸੰਯੁਕਤ ਤੌਰ ’ਤੇ ਦਸ ਟੀਮਾਂ ਗਠਿਤ ਕਰਕੇ ਘਟਨਾ ਸਥਾਨ ਦੇ ਨੇੜੇ 231 ਉਦਯੋਗਿਕ ਇਕਾਈਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਇਲਾਕੇ ਦੀਆਂ 80 ਫੀਸਦੀ ਉਦਯੋਗਿਕ ਇਕਾਈਆਂ ਰੈੱਡ ਸ਼੍ਰੇਣੀ ਵਿਚ ਆਉਂਦੀਆਂ ਹਨ। ਹਾਲਾਂਕਿ 48 ਘੰਟੇ ਬਾਅਦ ਵੀ ਇਹ ਸਵਾਲ ਬਰਕਰਾਰ ਹੈ ਕਿ ਆਖਿਰ ਸੀਵਰੇਜ ਲਾਈਨ ਤੋਂ ਨਿਕਲੀ ਹਾਈਡ੍ਰੋਜਨ ਸਲਫਾਈਡ ਗੈਸ ਬਣੀ ਕਿਵੇਂ। ਸ਼ੱਕ ਦੀ ਸੂਈ ਇਲਾਕੇ ਵਿਚ ਲੱਗੀਆਂ ਉਦਯੋਗਿਕ ਇਕਾਈਆਂ ’ਤੇ ਘੁੰਮ ਰਹੀ ਹੈ। ਸੋਮਵਾਰ ਨੂੰ ਪੀ. ਪੀ. ਸੀ. ਬੀ. ਤੇ ਨਿਗਮ ਦੀਆਂ ਟੀਮਾਂ ਨੇ ਕੁੱਝ ਉਦਯੋਗਿਕ ਇਕਾਈਆਂ ਦੀ ਜਾਂਚ ਕੀਤੀ। ਇਹ ਦੇਖਿਆ ਜਾ ਰਿਹਾ ਹੈ ਕਿ ਉਥੋਂ ਕਿੰਨਾ ਪਾਣੀ ਬਾਹਰ ਨਿਕਲਦਾ ਹੈ, ਉਸ ਨੂੰ ਕਿਵੇਂ ਟ੍ਰੀਟ ਕੀਤਾ ਜਾਂਦਾ ਹੈ। ਸੀਵਰੇਜ ਲਾਈਨ ਦੇ ਨਾਲ ਕਿਹੜੀਆਂ ਉਦਯੋਗਿਕ ਇਕਾਈਆਂ ਦਾ ਕੁਨੈਕਸ਼ਨ ਜੁੜਿਆ ਹੈ। ਇਸ ਲਈ ਫੈਕਟਰੀਆਂ ਕੋਲੋਂ ਲੰਘਦੇ ਸੀਵਰੇਜ ਦੇ ਸੈਂਪਲ ਵੀ ਲਏ ਜਾ ਰਹੇ ਹਨ।

ਆਕਸੀਜਨ ਤੋਂ ਭਾਰੀ ਹੁੰਦੀ ਹੈ ਹਾਈਡ੍ਰੋਜਨ ਸਲਫਾਈਡ ਗੈਸ
ਮਾਹਰਾਂ ਅਨੁਸਾਰ ਹਾਈਡ੍ਰੋਜਨ ਸਲਫਾਈਡ ਗੈਸ ਆਕਸੀਜਨ ਤੋਂ ਭਾਰੀ ਹੁੰਦੀ ਹੈ। ਇਸ ਲਈ ਇਸ ਦਾ ਪ੍ਰਭਾਵ ਚਾਰ ਤੋਂ ਪੰਜ ਫੁੱਟ ਤਕ ਰਹਿੰਦਾ ਹੈ। ਜੇਕਰ ਵਧੇਰੇ ਮਾਤਰਾ ਵਿਚ ਇਹ ਸਰੀਰ ਦੇ ਅੰਦਰ ਚਲੀ ਜਾਵੇ ਤਾਂ ਵਿਅਕਤੀ ਦੀ ਮੌਤ ਹੋ ਸਕਦੀ ਹੈ।

5 ਮੈਂਬਰੀ SIT ਕਰੇਗੀ ਜਾਂਚ
ਜ਼ਹਿਰੀਲੀ ਗੈਸ ਲੀਕ ਹੋਣ ਕਾਰਨ ਹੋਈ 11 ਲੋਕਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਪੰਜਾਬ ਪੁਲਸ ਦੀ 5 ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਕਰੇਗੀ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਜਾਬ ਦੇ ਪ੍ਰਮੁੱਖ ਉਦਯੋਗਿਕ ਕੇਂਦਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ’ਚ ਐਤਵਾਰ ਨੂੰ ਇਹ ਦੁਖਾਂਤ ਵਾਪਰਿਆ ਸੀ। ਜ਼ਿਲ੍ਹੇ ਦੇ ਅਧਿਕਾਰੀਆਂ ਨੇ ਕਿਹਾ ਕਿ ਹਾਈਡ੍ਰੋਜਨ ਸਲਫਾਈਡ ਦੇ ਮਾੜੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਨਾਲੀਆਂ ਅਤੇ ਸੀਵਰੇਜ ਲਾਈਨਾਂ ’ਚ ਕਾਸਟਿਕ ਸੋਢਾ ਪਾ ਕੇ ਇਲਾਕੇ ’ਚ ਪੂਰੀ ਰਾਤ ਸਫਾਈ ਡ੍ਰਾਈਵ ਚਲਾਈ ਗਈ। ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਸਤੇ ਸੀਵਰੇਜ ਲਾਈਨ ’ਚ ਜ਼ਹਿਰੀਲੀ ਗੈਸ ਦੇ ਬਣਨ ਦੇ ਸੰਭਾਵੀ ਕਾਰਨਾਂ ’ਤੇ ਗੌਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਗੈਸ ਦਾ ਅਸਰ ਹੁਣ ਖੇਤਰ ’ਚ ਨਹੀਂ ਹੈ। ਹਾਈਡ੍ਰੋਜਨ ਸਲਫਾਈਡ, ਜਿਸ ਨੂੰ ਸੀਵਰੇਜ ਗੈਸ ਵੀ ਕਿਹਾ ਜਾਂਦਾ ਹੈ, ਜ਼ਹਿਰੀਲੀ ਹੁੰਦੀ ਹੈ ਅਤੇ ਇਸ ’ਚੋਂ ਸੜੇ ਹੋਏ ਆਂਡੇ ਵਰਗੀ ਬਦਬੂ ਆਉਂਦੀ ਹੈ। ਇਹ ਗੈਸ ਬੇਹੋਸ਼ੀ ਅਤੇ ਮੌਤ ਦਾ ਕਾਰਨ ਬਣ ਸਕਦੀ ਹੈ। ਲੁਧਿਆਣਾ ਦੇ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਇੱਥੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਐੱਸ. ਆਈ. ਟੀ. ਦੀ ਅਗਵਾਈ ਪੁਲਸ ਦੇ ਡਿਪਟੀ ਕਮਿਸ਼ਨਰ (ਜਾਂਚ) ਹਰਮੀਤ ਸਿੰਘ ਹੁੰਦਲ ਕਰਨਗੇ।

Leave a Reply

Your email address will not be published. Required fields are marked *