ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਵੱਡੀ ਪੱਧਰ ’ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਇਹ ਸਾਜ਼ਿਸ਼ਾਂ ਮੂਧੇ ਮੂੰਹ ਡਿੱਗਣਗੀਆਂ। ਇਹ ਪ੍ਰਗਟਾਵਾ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤਾ ਹੈ। ਇਥੇ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਪੰਥ ਰਤਨ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ 100ਵੇਂ ਜਨਮ ਦਿਹਾੜੇ ਨੂੰ ਵੱਡੇ ਪੱਧਰ ’ਤੇ ਮਨਾਉਣ ਲਈ ਕੀਤੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭੂੰਦੜ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਬੇਅਦਬੀਆਂ ਹੋਣਾ ਬਿਨਾਂ ਸ਼ੱਕ ਮੰਦਭਾਗੀਆਂ ਹਨ ਪਰ ਵਿਰੋਧੀਆਂ ਨੇ ਇਨ੍ਹਾਂ ਦਾ ਸਿਆਸੀਕਰਨ ਕਰਕੇ ਸਾਜ਼ਿਸ਼ ਤਹਿਤ ਅਕਾਲੀ ਦਲ ਦੀ ਬਦਨਾਮੀ ਕੀਤੀ।
ਅਖੌਤੀ ਪੰਥਕ ਆਗੂਆਂ ’ਤੇ ਵਰ੍ਹਦਿਆਂ ਭੂੰਦੜ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ’ਤੇ ਇਕ ਵਿਅਕਤੀ ਬੇਅਦਬੀ ਕਰਨ ਲਈ ਦਾਖਲ ਹੋ ਗਿਆ ਜਿਸ ਨੂੰ ਸਮੇਂ ਸਿਰ ਫੜ ਕੇ ਬਾਹਰ ਕੱਢਿਆ ਗਿਆ। ਇਸੇ ਤਰੀਕੇ ਗੁਰਦੁਆਰਾ ਸੁਲਤਾਨਪੁਰ ਲੋਧੀ ਵਿਚ ਬੂਟ ਅਤੇ ਵਰਦੀ ਪਾ ਕੇ ਹਥਿਆਰਧਾਰੀ ਪੁਲਸ ਜਿਸਨੇ ਗੋਲੀਬਾਰੀ ਕੀਤੀ ਅਤੇ ਇਸ ਤੋਂ ਇਲਾਵਾ ਅਨੇਕਾਂ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਪਰ ਇਨ੍ਹਾਂ ਅਖੌਤੀ ਪੰਥਕ ਆਗੂਆਂ ਨੇ ਕਦੇ ਵੀ ਆਪਣਾ ਮੂੰਹ ਨਹੀਂ ਖੋਲ੍ਹਿਆ। ਉਨ੍ਹਾਂ ਕਿਹਾ ਕਿ ਇਸੇ ਤਰੀਕੇ ਹੁਣ ਸੁਧਾਰ ਲਹਿਰ ਦੇ ਅਖੌਤੀ ਆਗੂ ਅਕਾਲੀ ਦਲ ਦੀ ਬਦਨਾਮੀ ਕਰਨ ’ਤੇ ਲੱਗੇ ਹਨ।
ਬਲਵਿੰਦਰ ਸਿੰਘ ਭੂੰਦੜ ਦਾ ਵੱਡਾ ਬਿਆਨ, ਬਾਗੀ ਧੜੇ ਨੂੰ ਲੈ ਕੇ ਆਖੀ ਵੱਡੀ ਗੱਲ
