ਹੈਦਰਾਬਾਦ ’ਚ ਹਾਈ ਵੋਲਟੇਜ ਡਰਾਮਾ: ਜਗਨ ਰੈੱਡੀ ਦੀ ਭੈਣ ਸ਼ਰਮੀਲਾ ਨੇ ਪੁਲਸ ਵਾਲਿਆਂ ਨੂੰ ਮਾਰੇ ਥੱਪੜ, ਗ੍ਰਿਫਤਾਰ


ਹੈਦਰਾਬਾਦ, (ਅਨਸ, ਭਾਸ਼ਾ)- ਵਾਈ. ਐੱਸ. ਆਰ. ਟੀ. ਪੀ. ਦੀ ਪ੍ਰਧਾਨ ਸ਼ਰਮੀਲਾ ਨੂੰ ਸੋਮਵਾਰ ਆਪਣੀ ਰਿਹਾਇਸ਼ ਦੇ ਬਾਹਰ ਇੱਕ ਮਹਿਲਾ ਕਾਂਸਟੇਬਲ ਨੂੰ ਕਥਿਤ ਤੌਰ ’ਤੇ ਥੱਪੜ ਮਾਰਨ ਅਤੇ ਪੁਲਸ ਨਾਲ ਝਗੜਾ ਕਰਨ ਤੋਂ ਬਾਅਦ ਹਿਰਾਸਤ ਵਿੱਚ ਲੈ ਲਿਆ ਗਿਆ। ਡਿਪਟੀ ਕਮਿਸ਼ਨਰ ਆਫ਼ ਪੁਲਸ (ਪੱਛਮੀ ਜ਼ੋਨ) ਜੋਏਲ ਡੇਵਿਸ ਨੇ ਕਿਹਾ ਕਿ ਉਨ੍ਹਾਂ ਕੁਝ ਟੀ.ਵੀ. ਫੁਟੇਜ ਦੇਖੇ ਹਨ ਜਿਸ ਵਿੱਚ ਸ਼ਰਮੀਲਾ ਪੁਲਸ ਕਰਮਚਾਰੀਆਂ ‘ਤੇ ਹਮਲਾ ਕਰਦੀ ਦਿਖਾਈ ਦੇ ਰਹੀ ਹੈ। ਉਹ ਉਸ ਨੂੰ ਇਜਾਜ਼ਤ ਲਏ ਬਿਨਾ ਪ੍ਰਦਰਸ਼ਨ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।

ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਜਦੋਂ ਸਾਨੂੰ ਸੂਚਨਾ ਮਿਲੀ ਕਿ ਉਹ ਐਸ.ਆਈ.ਟੀ ਦਫ਼ਤਰ ਵੱਲ ਜਾ ਰਹੀ ਹੈ ਤਾਂ ਅਧਿਕਾਰੀ ਉਸ ਦੀ ਰਿਹਾਇਸ਼ ’ਤੇ ਪਹੁੰਚ ਗਏ। ਉਸ ਨੇ ਧਰਨੇ ਦੀ ਅਗਾਊਂ ਇਜਾਜ਼ਤ ਨਹੀਂ ਲਈ ਸੀ।

ਸ਼ਰਮੀਲਾ ਨੇ ਕਿਹਾ ਕਿ ਉਹ ਤੇਲੰਗਾਨਾ ਸਟੇਟ ਪਬਲਿਕ ਸਰਵਿਸ ਕਮਿਸ਼ਨ (ਟੀ.ਐੱਸ.ਪੀ.ਐੱਸ.ਸੀ.) ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ’ਚ ਮੰਗ ਪੱਤਰ ਦੇਣ ਲਈ ਐੱਸ.ਆਈ.ਟੀ. ਦਫ਼ਤਰ ਜਾਣਾ ਚਾਹੁੰਦੀ ਸੀ ਪਰ ਪੁਲਸ ਨੇ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ।

ਟੀ.ਵੀ. ਚੈਨਲਾਂ ’ਤੇ ਪ੍ਰਸਾਰਿਤ ਫੁਟੇਜ ’ਚ ਸ਼ਰਮੀਲਾ ਪੁਲਸ ਮੁਲਾਜ਼ਮਾਂ ਤੋਂ ਪੁੱਛ ਰਹੀ ਹੈ ਕਿ ਉਹ ਉਸ ਨੂੰ ਕਿਉਂ ਰੋਕ ਰਹੇ ਹਨ? ਇਸ ਤੋਂ ਬਾਅਦ ਉਹ ਸੜਕ ’ਤੇ ਬੈਠ ਗਈ। ਅਣਵੰਡੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ.ਐੱਸ. ਰਾਜਸ਼ੇਖਰ ਰੈਡੀ ਦੀ ਧੀ ਸ਼ਰਮੀਲਾ ਨੇ ਪਹਿਲਾਂ ਪ੍ਰਸ਼ਨ ਪੱਤਰ ਲੀਕ ਮਾਮਲੇ ਦੀ ਸੀ. ਬੀ. ਆਈ. ਜਾਂ ਕਿਸੇ ਮੌਜੂਦਾ ਜੱਜ ਤੋਂ ਜਾਂਚ ਦੀ ਮੰਗ ਕੀਤੀ ਸੀ।

Leave a Reply

Your email address will not be published. Required fields are marked *