ਮੋਰਿੰਡਾ : ਬੀਤੇ ਦਿਨੀਂ ਮੋਰਿੰਡਾ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਖ਼ਿਲਾਫ਼ ਰੋਪੜ ਦੀ ਬਾਰ ਐਸੋਸੀਏਸ਼ਨ ਨੇ ਸਖ਼ਤ ਫ਼ੈਸਲਾ ਲੈਂਦੇ ਹੋਏ ਮੁਲਜ਼ਮ ਦਾ ਕੇਸ ਕਿਸੇ ਵੀ ਵਕੀਲ ਵਲੋਂ ਨਾ ਲੜੇ ਜਾਣ ਦਾ ਐਲਾਨ ਕੀਤਾ ਹੈ। ਵਕੀਲਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਰੋਪੜ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਰੋਪੜ ਜ਼ਿਲ੍ਹੇ ਦਾ ਕੋਈ ਵੀ ਵਕੀਲ ਮੁਲਜ਼ਮ ਦਾ ਕੇਸ ਨਾ ਲੜੇ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਪੱਖ ਲਈ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਅਮਰਦੀਪ ਸਿੰਘ ਧਾਰਣੀ ਵਲੋਂ ਕੇਸ ਲੜਿਆ ਜਾਵੇਗਾ।
ਦੂਜੇ ਪਾਸੇ ਬੇਅਦਬੀ ਦੀ ਇਸ ਘਟਨਾ ਦੇ ਰੋਸ ਵਜੋਂ ਵੱਡੀ ਗਿਣਤੀ ਵਿਚ ਇਕੱਠੀ ਹੋਈ ਸੰਗਤ ਵੱਲੋਂ ਮੋਰਿੰਡਾ ਸ਼ਹਿਰੀ ਥਾਣੇ ਅੱਗੇ ਧਰਨਾ ਦਿੱਤਾ ਗਿਆ। ਸ਼ਹਿਰ ਵਿਚ ਦੂਜੇ ਦਿਨ ਵੀ ਰੋਸ ਵਜੋਂ ਬਾਜ਼ਾਰ ਬੰਦ ਰਹੇ। ਇਕੱਠੀ ਹੋਈ ਸੰਗਤ ਵੱਲੋਂ ਕੁਰਾਲੀ ਟੀ-ਪੁਆਇੰਟ ’ਤੇ ਆਵਾਜਾਈ ਠੱਪ ਕੀਤੀ ਹੋਈ ਹੈ। ਇਸ ਦੌਰਾਨ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਨੇ ਵੀ ਧਰਨੇ ’ਤੇ ਬੈਠੀ ਸੰਗਤ ਨਾਲ ਗੱਲਬਾਤ ਕੀਤੀ ਅਤੇ ਧਰਨਾ ਉਠਾਉਣ ਦੀ ਅਪੀਲ ਕੀਤੀ।