ਫਿਲੌਰ- ਬੀਤੀ ਸ਼ਾਮ ਹਥਿਆਰਬੰਦ ਸਮੱਗਲਰਾਂ ਦੇ ਗਿਰੋਹ ਨੂੰ ਫੜਨ ਗਈ ਪੁਲਸ ਦੀ ਉਨ੍ਹਾਂ ਨਾਲ ਮੁੱਠਭੇੜ ਹੋ ਗਈ। ਇਕ ਸਮੱਗਲਰ ਪੁਲਸ ਦੀ ਗੋਲ਼ੀ ਲੱਗਣ ਨਾਲ ਜ਼ਖ਼ਮੀ ਹੋਣ ਦੇ ਬਾਵਜੂਦ ਆਪਣੇ ਸਾਥੀ ਨਾਲ ਪੁਲਸ ਨੂੰ ਧੋਖਾ ਦੇ ਕੇ ਫ਼ਰਾਰ ਹੋਣ ’ਚ ਸਫ਼ਲ ਹੋ ਗਿਆ, ਜਦੋਂਕਿ ਉਨ੍ਹਾਂ ਦੇ ਇਕ ਸਾਥੀ ਰਾਹੁਲ ਜਿਸ ਦੇ ਘਰ ’ਚ ਉਹ ਪਨਾਹ ਲੈ ਕੇ ਲੁਕੇ ਹੋਏ ਸਨ, ਨੂੰ ਫੜਨ ’ਚ ਪੁਲਸ ਸਫ਼ਲ ਰਹੀ। ਸੂਚਨਾ ਮੁਤਾਬਕ ਬੀਤੇ ਹਫ਼ਤੇ ‘ਜਗ ਬਾਣੀ’ ਨੇ ਸੂਤਰਾਂ ਦੇ ਹਵਾਲੇ ਨਾਲ ਵੱਡਾ ਖ਼ੁਲਾਸਾ ਕੀਤਾ ਸੀ ਕਿ ਸ਼ਹਿਰ ਵਿਚ ਇਕ ਗਿਰੋਹ ਹਥਿਆਰਾਂ ਦੀ ਖੇਪ ਨਾਲ ਪੁੱਜ ਚੁੱਕਾ ਹੈ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਚੌਕਸ ਹੋ ਗਿਆ। ਉਕਤ ਗਿਰੋਹ ਨੇ ਆਪਣਾ ਦਬਦਬਾ ਕਾਇਮ ਕਰਨ ਲਈ ਖੁੱਡ ਮੁਹੱਲੇ ਦੇ ਰਹਿਣ ਵਾਲੇ ਚੰਦਰ ਸ਼ੇਖਰ ਨਾਲ ਹੋਈ ਮਾਮੂਲੀ ਜਿਹੀ ਤਕਰਾਰ ਤੋਂ ਬਾਅਦ ਉਸ ਦੇ ਘਰ ’ਤੇ 6 ਤੋਂ 7 ਰਾਊਂਡ ਫਾਇਰ ਕਰ ਕੇ ਦਹਿਸ਼ਤ ਫੈਲਾ ਦਿੱਤੀ ਸੀ।
ਬੀਤੇ ਦਿਨੀਂ ਪੁਲਸ ਨੇ ਗਿਰੋਹ ਦੇ 1 ਮੁੰਡੇ ਰਾਜੂ ਪੁੱਤਰ ਬਿੱਟੂ ਨੂੰ ਨਾਜਾਇਜ਼ ਪਿਸਤੌਲ ਸਣੇ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਸੀ, ਜਿਸ ਤੋਂ ਬਾਅਦ ਪੁਲਸ ਨੂੰ ਪਤਾ ਲੱਗਾ ਉਸ ਦੇ ਗਿਰੋਹ ਦੇ ਹੋਰ ਵੀ 3 ਮੈਂਬਰ ਹਨ, ਜੋ ਫ਼ਰਾਰ ਚੱਲ ਰਹੇ ਹਨ।ਜਲੰਧਰ ਜ਼ਿਲ੍ਹੇ ’ਚ ਲੋਕ ਸਭਾ ਜ਼ਿਮਨੀ ਚੋਣ ਕਾਰਨ ਮੁੱਖ ਚੋਣ ਕਮਿਸ਼ਨ ਵਲੋਂ ਚੋਣ ਜ਼ਾਬਤਾ ਲੱਗਾ ਹੋਇਆ ਹੈ। ਜਿਨ੍ਹਾਂ ਲੋਕਾਂ ਕੋਲ ਲਾਇਸੈਂਸੀ ਹਥਿਆਰ ਹਨ, ਉਹ ਤਾਂ ਪੁਲਸ ਨੇ ਜਮ੍ਹਾ ਕਰਵਾ ਲਏ, ਗੁੰਡਾ ਅਨਸਰਾਂ ਕੋਲ ਜੋ ਦੋ ਨੰਬਰ ਦੇ ਨਾਜਾਇਜ਼ ਹਥਿਆਰ ਹਨ, ਦਾ ਪਤਾ ਲੱਗਾ ਕੇ ਉਨ੍ਹਾਂ ਨੂੰ ਫੜ ਸਕਣਾ ਪੁਲਸ ਲਈ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ।
ਬੀਤੇ ਦਿਨ ਜਿਉਂ ਹੀ ਪੁਲਸ ਨੂੰ ਪਤਾ ਲੱਗਾ ਕਿ ਹਥਿਆਰਬੰਦ ਸਮੱਗਲਰਾਂ ਦਾ ਗਿਰੋਹ ਖੁੱਡ ਮੁਹੱਲੇ ’ਚ ਰਾਹੁਲ ਦੇ ਘਰ ਲੁਕਿਆ ਬੈਠਾ ਹੈ ਤਾਂ ਥਾਣਾ ਮੁਖੀ ਵੱਡੀ ਗਿਣਤੀ ’ਚ ਪੁਲਸ-ਫੋਰਸ ਦੇ ਨਾਲ ਉਨ੍ਹਾਂ ਨੂੰ ਫੜਨ ਲਈ ਉੱਥੇ ਪੁੱਜੇ। ਸੂਤਰਾਂ ਮੁਤਾਬਕ ਜਿਉਂ ਹੀ ਪੁਲਸ ਨੇ ਗਿਰੋਹ ਨੂੰ ਫੜਨ ਲਈ ਘੇਰਾਬੰਦੀ ਕੀਤੀ ਤਾਂ ਉੱਥੇ ਫਿਰ ਲੋਕਾਂ ਨੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ, ਜਿਸ ਨਾਲ ਲੋਕਾਂ ਵਿਚ ਦਹਿਸ਼ਤ ਫੈਲ ਗਈ। ਇਸ ਦੌਰਾਨ 2 ਹਮਲਾਵਰ ਸੰਜੂ ਬਾਹਮਣ ਅਤੇ ਅਕਾਸ਼ਦੀਪ ਉੱਥੋਂ ਭੱਜ ਗਏ, ਜਿਸ ਪਾਸੇ ਉਹ ਭੱਜ ਰਹੇ ਸਨ, ਸੜਕ ’ਤੇ ਖ਼ੂਨ ਦੇ ਛਿੱਟੇ ਡਿੱਗ ਰਹੇ ਸਨ। ਉੱਥੇ ਗੋਲ਼ੀ ਦਾ ਇਕ ਖੋਲ੍ਹ ਵੀ ਡਿੱਗਿਆ ਪਿਆ ਸੀ।