ਅੰਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੰਜਾਬ ਪੁਲਸ ਦੀ ਅਹਿਮ ਪ੍ਰੈੱਸ ਕਾਨਫਰੰਸ


ਚੰਡੀਗੜ੍ਹ : ਪੰਜਾਬ ਪੁਲਸ ਦੇ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਵੱਲੋਂ ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਅਤਿ ਨਜ਼ਦੀਕੀ ਸਾਥੀ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ। ਮੀਡੀਆ ਨੂੰ ਸੰਬੋਧਨ ਕਰਦਿਆਂ ਆਈ. ਜੀ. ਗਿੱਲ ਨੇ ਦੱਸਿਆ ਕਿ ਅੰਮ੍ਰਿਤਸਰ ਦਿਹਾਤੀ ਪੁਲਸ ਨੇ ਪਪਲਪ੍ਰੀਤ ਨੂੰ ਕੱਥੂਨੰਗਲ ਦੇ ਇਲਾਕੇ ‘ਚੋਂ ਗ੍ਰਿਫ਼ਤਾਰ ਕੀਤਾ ਹੈ। ਡੀ. ਜੀ. ਪੀ. ਪੰਜਾਬ ਦੀਆਂ ਹਦਾਇਤਾਂ ਮੁਤਾਬਕ ਪੁਲਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪਪਲਪ੍ਰੀਤ ‘ਤੇ ਐੱਨ. ਐੱਸ. ਏ. ਵੀ ਲਾਇਆ ਗਿਆ ਹੈ। ਇਸ ਤੋਂ ਇਲਾਵਾ ਪਪਲਪ੍ਰੀਤ 6 ਹੋਰ ਕੇਸਾਂ ‘ਚ ਵਾਂਟੇਡ ਸੀ।
ਦੱਸਣਯੋਗ ਹੈ ਕਿ ਪਪਲਪ੍ਰੀਤ 18 ਮਾਰਚ ਤੋਂ ਹੀ ਫ਼ਰਾਰ ਚੱਲ ਰਿਹਾ ਸੀ। 18 ਮਾਰਚ ਨੂੰ ਪੁਲਸ ਵੱਲੋਂ ਆਪਰੇਸ਼ਨ ਅੰਮ੍ਰਿਤਪਾਲ ਦੀ ਸ਼ੁਰੂਆਤ ਕੀਤੀ ਗਈ ਸੀ। ਉਸ ਸਮੇਂ ਪੁਲਸ ਨੇ ਸਖ਼ਤ ਘੇਰਾਬੰਦੀ ਕਰਕੇ ਅੰਮ੍ਰਿਤਪਾਲ ਸਿੰਘ ਦੇ ਇਕ ਤੋਂ ਬਾਅਦ ਇਕ ਕਈ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਪਰ ਅੰਮ੍ਰਿਤਪਾਲ ਸਿੰਘ ਅਤੇ ਉਸ ਦਾ ਸੱਜਾ ਹੱਥ ਕਿਹਾ ਜਾਂਦਾ ਪਪਲਪ੍ਰੀਤ ਸਿੰਘ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਏ ਸੀ। ਪੰਜਾਬ ਪੁਲਸ ਵਲੋਂ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਲਈ ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਵਿਚ ਦਬਿਸ਼ ਕੀਤੀ ਗਈ ਸੀ। ਪੁਲਸ ਵਲੋਂ ਨੇਪਾਲ ਬਾਰਡਰ ’ਤੇ ਬਕਾਇਦਾ ਅੰਮ੍ਰਿਤਪਾਲ ਦੇ ਪੋਸਟਰ ਵੀ ਲਗਵਾਏ ਗਏ।

ਇਸ ਆਪਰੇਸ਼ਨ ਦੌਰਾਨ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਦੀਆਂ ਤਸਵੀਰਾਂ ਕਈ ਵਾਰ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋਈਆਂ। ਕਦੇ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਮੋਟਰਸਾਈਕਲ, ਕਦੇ ਰਿਹੜੇ ਅਤੇ ਕਦੇ ਕਾਰ ਵਿਚ ਬੈਠੇ ਨਜ਼ਰ ਆਏ। ਪੁਲਸ ਵਲੋਂ ਲਗਾਤਾਰ ਦੋਵਾਂ ਦੀ ਗ੍ਰਿਫ਼ਤਾਰੀ ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਸੀ। ਇਹ ਵੀ ਪਤਾ ਲੱਗਾ ਹੈ ਕਿ ਲਗਾਤਾਰ ਇਕੱਠੇ ਰਹਿਣ ਤੋਂ ਬਾਅਦ ਅੰਮ੍ਰਿਤਪਾਲ ਤੇ ਪਪਲਪ੍ਰੀਤ ਵੱਖ ਹੋ ਗਏ ਸਨ। ਭਾਵੇਂ ਹੁਣ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਦੀ ਖ਼ਬਰ ਸਾਹਮਣੇ ਆ ਰਹੀ ਹੈ ਪਰ ਵਾਰਿਸ ਪੰਜਾਬ ਜੱਥੇਬੰਦੀ ਦਾ ਮੁਖੀ ਅੰਮ੍ਰਿਤਪਾਲ ਸਿੰਘ ਲਗਾਤਾਰ ਫ਼ਰਾਰ ਚੱਲ ਰਿਹਾ ਹੈ।

Leave a Reply

Your email address will not be published. Required fields are marked *