ਸਪੋਰਟਸ ਡੈਸਕ, 3 ਅਗਸਤ (ਦਲਜੀਤ ਸਿੰਘ)- ਟੋਕੀਓ ਓਲੰਪਿਕ ’ਚ ਅੱਜ ਭਾਰਤੀ ਪੁਰਸ਼ ਹਾਕੀ ਟੀਮ ਦਾ ਸੈਮੀਫ਼ਾਈਨਲ ’ਚ ਵਿਸ਼ਵ ਚੈਂਪੀਅਨ ਬੈਲਜੀਅਮ ਨਾਲ ਕਰੜਾ ਮੁਕਾਬਲਾ ਹੋਇਆ। ਇਸ ਮੈਚ ’ਚ ਬੈਲਜੀਅਮ ਨੇ ਭਾਰਤ ਨੂੰ 5-2 ਨਾਲ ਹਰਾ ਦਿੱਤਾ ਹੈ। ਬੈਲਜੀਅਮ ਨੇ ਮੈਚ ਦੇ ਸ਼ੁਰੂਆਤੀ ਦੋ ਮਿੰਟ ’ਚ ਹੀ ਪੈਨਲਟੀ ਕਾਰਨਰ ਹਾਸਲ ਕੀਤਾ ਤੇ ਉਸ ਨੂੰ ਗੋਲ ’ਚ ਬਦਲਣ ’ਚ ਕਾਮਯਾਬ ਰਿਹਾ। ਲੁਈਪੇਰਟ ਨੇ ਬੈਲਜੀਅਮ ਵੱਲੋਂ ਪਹਿਲਾ ਗੋਲ ਕੀਤਾ। ਇਸ ਤਰ੍ਹਾਂ ਬੈਲਜੀਅਮ 1-0 ਨਾਲ ਅੱਗੇ ਹੋ ਗਿਆ।
ਇਸ ਤੋਂ ਬਾਅਦ ਭਾਰਤੀ ਟੀਮ ਨੂੰ ਅੱਠਵੇਂ ਮਿੰਟ ਪੈਨਲਟੀ ਕਾਰਨਰ ਮਿਲਿਆ ਪਰ ਉਹ ਗੋਲ ’ਚ ਤਬਦੀਲ ਨਾ ਹੋ ਸਕਿਆ। ਹਾਲਾਂਕਿ ਭਾਰਤ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲਿਆ ਤੇ ਇਸ ਵਾਰ ਟੀਮ ਨੇ ਆਪਣਾ ਖ਼ਾਤਾ ਖੋਲਿਆ। ਭਾਰਤ ਵੱਲੋਂ 11ਵੇਂ ਮਿੰਟ ’ਚ ਹਰਮਨਪ੍ਰੀਤ ਸਿੰਘ ਨੇ ਪਹਿਲਾ ਗੋਲ ਦਾਗ਼ਿਆ। ਭਾਰਤ ਨੇ ਇਕ ਮਿੰਟ ਦੇ ਵਕਫ਼ੇ ’ਤੇ ਦੂਜਾ ਗੋਲ ਕੀਤਾ। ਇਸ ਵਾਰ ਮਨਦੀਪ ਸਿੰਘ ਨੇ ਗੇਂਦ ਨੂੰ ਗੋਲਪੋਸਟ ’ਚ ਪਾਇਆ। ਇਸ ਦੇ ਨਾਲ ਹੀ ਭਾਰਤ ਨੇ ਬੈਲਜੀਅਮ ਖ਼ਿਲਾਫ਼ 2-1 ਦੀ ਬੜ੍ਹਤ ਬਣਾ ਲਈ।
ਇਸ ਤੋਂ ਕੁਝ ਦੇਰ ਬਾਅਦ ਬੈਲਜੀਅਮ ਨੇ ਆਪਣਾ ਦੂਜਾ ਗੋਲ ਦਾਗ਼ਿਆ ਤੇ 2-2 ਨਾਲ ਬਰਾਬਰੀ ਹਾਸਲ ਕਰ ਲਈ। ਇਸ ਤੋਂ ਕੁਝ ਵਕਫੇ ਬਾਅਦ ਬੈਲਜੀਅਮ ਦੀ ਟੀਮ ਨੇ ਇਕ ਵਾਰ ਫਿਰ ਗੋਲ ਕਰਦੇ ਹੋਏ ਭਾਰਤ ’ਤੇ 3-2 ਨਾਲ ਬੜ੍ਹਤ ਬਣਾ ਬਣਾਈ। ਇਸ ਤਰ੍ਹਾਂ ਭਾਰਤ ਮੈਚ ’ਚ ਪੱਛੜ ਗਿਆ। ਇਸ ਤੋਂ ਬਾਅਦ ਬੈਲਜੀਅਮ ਦੀ ਟੀਮ ਇਕ ਵਾਰ ਫ਼ਿਰ ਗੋਲ ਦਾਗ ਕੇ ਭਾਰਤ ਤੋਂ 4-2 ਨਾਲ ਅੱਗੇ ਹੋ ਗਈ। ਬੈਲਜੀਅਮ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਸਾਹਮਣੇ ਭਾਰਤ ਪੱਛੜ ਗਿਆ ਤੇ ਵਾਪਸੀ ਨਾ ਕਰ ਸਕਿਆ। ਇਸ ਤੋਂ ਬਾਅਦ ਬੈਲਜੀਅਮ ਨੇ ਭਾਰਤ ਖਿਲਾਫ 5-2 ਨਾਲ ਅੱਗੇ ਹੋ ਕੇ ਮੈਚ ਜਿੱਤ ਲਿਆ। ਹੁਣ ਭਾਰਤੀ ਪੁਰਸ਼ ਹਾਕੀ ਟੀਮ 5 ਅਗਸਤ ਨੂੰ ਕਾਂਸੀ ਦੇ ਤਮਗ਼ੇ ਲਈ ਖੇਡੇਗੀ।