ਟੋਕੀਓ, 2 ਅਗਸਤ (ਦਲਜੀਤ ਸਿੰਘ)- ਡਿਸਕਸ ਥ੍ਰੋਅ ਫਾਈਨਲ ’ਚ ਭਾਰਤ ਹੱਥ ਨਿਰਾਸ਼ਾ ਲੱਗੀ। ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਦੇ ਫਾਈਨਲ ’ਚ ਛੇਵਾਂ ਸਥਾਨ ਹਾਸਲ ਕੀਤਾ ਤੇ ਉਹ ਇਤਿਹਾਸ ਰਚਣ ਤੋਂ ਖੁੰਝ ਗਈ। ਇਸ ਤੋਂ ਪਹਿਲਾਂ ਟੋਕੀਓ ਓਲੰਪਿਕਸ ’ਚ ਡਿਸਕਸ ਥ੍ਰੋਅ ਦੇ ਫ਼ਾਈਨਲ ’ਚ ਕਮਲਪ੍ਰੀਤ ਕੌਰ ਨੇ ਸ਼ਾਨਦਾਰ ਸ਼ੁਰੂਆਤ ਕੀਤੀ । ਉਨ੍ਹਾਂ ਨੇ ਪਹਿਲੀ ਕੋਸ਼ਿਸ਼ ’ਚ 61.62 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਕਮਲਪ੍ਰੀਤ ਪਹਿਲੇ ਰਾਊਂਡ ’ਚ ਛੇਵੇਂ ਸਥਾਨ ’ਤੇ ਰਹੀ। ਪਰ ਦੂਜੇ ਰਾਊਂਡ ’ਚ ਉਹ ਫਾਊਲ ਕਰ ਬੈਠੀ। ਪਰ ਇਸ ਦੌਰਾਨ ਮੀਂਹ ਪੈਣ ਲੱਗਾ ਜਿਸ ਕਾਰਨ ਕਈ ਖਿਡਾਰਨਾਂ ਪੈਰ ਫਿਸਲਣ ਕਾਰਨ ਡਿਸਕਸ ਸੁੱਟ ਨਹੀਂ ਸਕੀਆਂ ਤੇ ਉਨ੍ਹਾਂ ਦੀ ਥ੍ਰੋਅ ਅਸਫਲ ਰਹੀਆਂ। ਮੀਂਹ ਨੂੰ ਦੇਖਦੇ ਹੋਏ ਮੁਕਾਬਲੇ ਨੂੰ ਰੋਕ ਦਿੱਤਾ ਗਿਆ ਹੈ। ਪ੍ਰਤੀਯੋਗਿਤਾ ਰੋਕਣ ਸਮੇਂ ਕਮਲਪ੍ਰੀਤ ਕੌਰ ਸਤਵੇਂ ਸਥਾਨ ’ਤੇ ਸੀ।
ਪਹਿਲੇ ਸਥਾਨ ’ਤੇ ਯੂਨਾਈਟਿਡ ਸਟੇਟ ਦੀ ਵੀ. ਆਲਮਨ ਨੇ 68.98 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਕਿਊਬਾ ਦੀ ਵਾਈ. ਪੇਰੇਜ਼ ਨੇ 65.72 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਜਦਿਕ ਜਰਮਨੀ ਦੀ ਕੇ. ਪੁਡੇਨਜ਼ ਨੇ 65.34 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਪੁਰਤਗਾਲ ਦੀ ਐੱਲ. ਕਾ ਨੇ 63.93 ਮੀਟਰ ਦੂਰ ਡਿਸਕਸ ਥ੍ਰੋਅ ਕੀਤਾ। ਸ਼ਨੀਵਾਰ 31 ਜੁਲਾਈ ਨੂੰ ਭਾਰਤ ਦੀ ਟੋਕੀਓ ਓਲੰਪਿਕਸ ’ਚ ਮੈਡਲ ਲਈ ਇਕ ਹੋਰ ਆਸ ਬੱਝ ਗਈ ਜਦੋਂ ਕਮਲਪ੍ਰੀਤ ਕੌਰ ਨੇ ਡਿਸਕਸ ਥ੍ਰੋਅ ਫ਼ਾਈਨਲ ’ਚ ਆਪਣੀ ਥਾਂ ਪੱਕੀ ਕਰ ਲਈ ਸੀ। ਪਹਿਲੀ ਵਾਰ ਓਲੰਪਿਕਸ ’ਚ ਹਿੱਸਾ ਲੈ ਰਹੀ ਕਮਲਪ੍ਰੀਤ ਕੌਰ ਨੇ ਕੁਆਲੀਫ਼ਾਇੰਗ ਰਾਊਂਡ ’ਚ ਦੂਜਾ ਸਥਾਨ ਹਾਸਲ ਕੀਤਾ ਸੀ।