ਨਵੀਂ ਦਿੱਲੀ, 2 ਅਗਸਤ (ਦਲਜੀਤ ਸਿੰਘ)- ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਪੰਜਾਬ ਦੇ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਨੇਤਾ ਸੋਮਵਾਰ ਨੂੰ ਇੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ‘ਚ ਸ਼ਾਮਲ ਹੋ ਗਏ। ਰਾਜਧਾਨੀ ਸਥਿਤ ਪਾਰਟੀ ਹੈੱਡ ਕੁਆਰਟਰ ‘ਚ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਭਾਜਪਾ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਦੁਸ਼ਯੰਤ ਗੌਤਮ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਘ ਦੀ ਮੌਜੂਦਗੀ ‘ਚ ਅਮਨਜੋਤ ਕੌਰ ਰਾਮੂਵਾਲੀਆ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਰਾਸ਼ਟਰੀ ਸੰਗਠਨ ਸਕੱਤਰ ਗੁਰਪ੍ਰੀਤ ਸਿੰਘ ਸ਼ਾਹਪੁਰ, ਅਕਾਲੀ ਦਲ ਦੇ ਹੀ ਸਾਬਕਾ ਉੱਪ ਪ੍ਰਧਾਨ ਚਾਂਦ ਸਿੰਘ ਚੱਠਾ, ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ‘ਚੋਂ ਇਕ ਰਹੇ ਚੇਤਨ ਮੋਹਨ ਜੋਸ਼ੀ ਅਤੇ ਅਕਾਲੀ ਦਲ ਦੇ ਗੁਰਦਾਸਪੁਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਢਕੋਹਾ ਦੇ ਭਾਜਪਾ ਦੀ ਮੈਂਬਰਤਾ ਗ੍ਰਹਿਣ ਕੀਤੀ।
ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦਾ ਭਾਜਪਾ ‘ਚ ਸ਼ਾਮਲ ਹੋਣਾ ਸਾਬਤ ਕਰਦਾ ਹੈ ਕਿ ਪੰਜਾਬ ‘ਚ ਹਵਾ ਕਿਸ ਵੱਲ ਵਗ ਰਹੀ ਹੈ। ਉਨ੍ਹਾਂ ਕਿਹਾ,”ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰਾਂਗੇ ਕਿ ਪੰਜਾਬ ਚੋਣਾਂ ਦੇ ਨਤੀਜੇ ਭਾਜਪਾ ਦੇ ਪੱਖ ‘ਚ ਆਉਣ।” ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁਝ ਸਿਆਸੀ ਦਲ ਕਿਸਾਨਾਂ ਦੇ ਨਾਮ ‘ਤੇ ਅਤੇ ਉਨ੍ਹਾਂ ਦੇ ਮੋਢਿਆਂ ‘ਤੇ ਬੰਦੂਕ ਰੱਖਕੇ ਪੰਜਾਬ ਦੀ ਸੱਤਾ ‘ਚ ਆਉਣਾ ਚਾਹੁੰਦੇ ਹਨ। ਗੌਤਮ ਨੇ ਭਾਜਪਾ ‘ਚ ਸ਼ਾਮਲ ਹੋਣ ਸਾਰੇ ਨੇਤਾਵਾਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ ਦੀ ਆੜ ‘ਚ ਜਿਸ ਤਰ੍ਹਾਂ ਕੁਝ ਸਿਆਸੀ ਦਲ ਸੰਵਿਧਾਨ ਦੀ ਮਰਿਆਦਾ ਨੂੰ ਭੰਗ ਕਰ ਰਹੇ ਹਨ, ਉਨ੍ਹਾਂ ਨਾਲ ਪੰਜਾਬ ਦੀ ਜਨਤਾ ਬੇਹੱਦ ਦੁਖੀ ਹੈ ਅਤੇ ਰਾਜ ‘ਚ ਸ਼ਾਂਤੀ ਲਈ ਉਨ੍ਹਾਂ ਦੀਆਂ ਨਜ਼ਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਟਿਕੀਆਂ ਹਨ।