ਚਿੱਤਰਕੂਟ – ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੀ ਰਾਗੋਲੀ ਜ਼ਿਲਾ ਜੇਲ੍ਹ ‘ਚ ਬੰਦ ਮਾਫੀਆ ਮੁਖਤਾਰ ਅੰਸਾਰੀ ਦੇ ਬੇਟੇ ਅੱਬਾਸ ਅੰਸਾਰੀ ਦੀ ਪਤਨੀ ਨਿਖਤ ਨੂੰ ਪੁਲਸ ਨੇ ਸ਼ੁੱਕਰਵਾਰ ਰਾਤ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧ ‘ਚ ਜੇਲ੍ਹ ਸੁਪਰਡੈਂਟ ਸਮੇਤ 7 ਵਿਅਕਤੀਆਂ ਖ਼ਿਲਾਫ਼ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਸ ਸੁਪਰਡੈਂਟ ਨੇ ਦੇਰ ਰਾਤ ਚਿਤਰਕੂਟ ਜੇਲ੍ਹ ‘ਚ ਛਾਪਾ ਮਾਰਿਆ ਅਤੇ ਜੇਲ੍ਹ ਦੇ ਇਕ ਕਮਰੇ ‘ਚ ਨਿਖਤ ਨੂੰ ਅੱਬਾਸ ਨਾਲ ਵੇਖਿਆ। ਸੂਤਰਾਂ ਅਨੁਸਾਰ ਅੱਬਾਸ ਨਿਖਤ ਦੇ ਮੋਬਾਈਲ ਰਾਹੀਂ ਕੇਸਾਂ ਦੇ ਗਵਾਹਾਂ ਅਤੇ ਅਧਿਕਾਰੀਆਂ ਨੂੰ ਧਮਕੀਆਂ ਦਿੰਦਾ ਸੀ, ਜਿਸ ਦੀ ਸੂਚਨਾ ਜ਼ਿਲ੍ਹਾ ਮੈਜਿਸਟਰੇਟ ਅਤੇ ਐੱਸ.ਪੀ. ਨੂੰ ਗੁਪਤ ਤੌਰ ‘ਤੇ ਮਿਲੀ ਸੀ। ਇਸੇ ਸਿਲਸਿਲੇ ‘ਚ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਸ ਸੁਪਰਡੈਂਟ ਨੇ ਦੇਰ ਰਾਤ ਜੇਲ੍ਹ ‘ਚ ਛਾਪਾ ਮਾਰ ਕੇ ਨਿਖਤ ਅੰਸਾਰੀ ਨੂੰ ਗ੍ਰਿਫ਼ਤਾਰ ਕਰ ਲਿਆ। ਨਿਖਤ ਬੰਦੀ ਮੁਲਾਕਾਤੀ ਰਜਿਸਟਰ ‘ਚ ਆਪਣਾ ਨਾਮ ਦਰਜ ਕਰਵਾਏ ਬਿਨਾਂ ਆਪਣੇ ਪਤੀ ਅੱਬਾਸ ਨੂੰ ਮਿਲਣ ਲਈ ਜੇਲ੍ਹ ਪਹੁੰਚੀ ਸੀ।
ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਮਾਮਲੇ ‘ਚ ਅੱਬਾਸ ਅੰਸਾਰੀ ਜ਼ਿਲ੍ਹਾ ਜੇਲ੍ਹ ਰਗੌਲੀ ‘ਚ ਕਰੀਬ 2 ਮਹੀਨਿਆਂ ਤੋਂ ਬੰਦ ਹੈ। ਜ਼ਿਲ੍ਹਾ ਜੇਲ੍ਹ ‘ਚ ਜ਼ਿਲ੍ਹਾ ਅਧਿਕਾਰੀ ਅਭਿਸ਼ੇਕ ਆਨੰਦ ਅਤੇ ਪੁਲਸ ਸੁਪਰਡੈਂਟ ਵਰਿੰਦਾ ਸ਼ੁਕਲਾ ਵੱਲੋਂ ਆਪਣੀ ਪੂਰੀ ਟੀਮ ਸਮੇਤ ਜ਼ਿਲ੍ਹਾ ਜੇਲ੍ਹ ‘ਚ ਛਾਪਾ ਮਾਰਿਆ ਗਿਆ, ਜਿਸ ਵਿਚ ਅੱਬਾਸ ਨੂੰ ਮਿਲਣ ਆਈ ਨਿਖਤ ਦੀ ਤਲਾਸ਼ੀ ਦੌਰਾਨ 2 ਮੋਬਾਈਲ ਫੋਨਾਂ ਸਮੇਤ ਵਿਦੇਸ਼ੀ ਕਰੰਸੀ ਅਤੇ ਕੁਝ ਇਤਰਾਜ਼ਯੋਗ ਵਸਤੂਆਂ ਬਰਾਮਦ ਹੋਈਆਂ। ਤਲਾਸ਼ੀ ਦੌਰਾਨ ਉਸ ਨੇ ਪੁਲਸ ਟੀਮ ਨੂੰ ਦੇਖਣ ਅਤੇ ਨਤੀਜੇ ਭੁਗਤਣ ਦੀ ਧਮਕੀ ਵੀ ਦਿੱਤੀ। ਜਿਸ ਤੋਂ ਬਾਅਦ ਨਿਖਤ ਨੂੰ ਮਹਿਲਾ ਕਾਂਸਟੇਬਲਾਂ ਨੇ ਜੇਲ੍ਹ ਦੇ ਬਾਹਰੋਂ ਹਿਰਾਸਤ ‘ਚ ਲੈ ਲਿਆ। ਇਸ ਮਾਮਲੇ ‘ਚ ਰਗੌਲੀ ਚੌਕੀ ਦੇ ਇੰਚਾਰਜ ਸ਼ਿਆਮ ਦੇਵ ਸਿੰਘ ਨੇ ਕਾਰਵੀ ਕੋਤਵਾਲੀ ‘ਚ ਅੱਬਾਸ ਦੀ ਪਤਨੀ ਨਿਖਤ, ਜੇਲ ਸੁਪਰਡੈਂਟ ਅਸ਼ੋਕ ਸਾਗਰ, ਡਿਪਟੀ ਜੇਲਰ ਸੁਸ਼ੀਲ ਕੁਮਾਰ, ਕਾਂਸਟੇਬਲ ਜਗਮੋਹਨ ਸਮੇਤ 7 ਲੋਕਾਂ ‘ਤੇ ਧਾਰਾ 387,222,186, 506,201,120ਬੀ ਸਮੇਤ ਕਈ ਹੋਰ ਗੰਭੀਰ ਦੋਸ਼ ਲਗਾਏ ਹਨ।