ਵੈੱਬ ਡੈਸਕ- ਜਲੰਧਰ ਵਿਖੇ ਦੋ ਦਿਨਾਂ ਦੇ ਦੌਰੇ ‘ਤੇ ਆਏ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਨੂੰ ਘੇਰਦਿਆਂ ਤਿੱਖੇ ਸ਼ਬਦੀ ਹਮਲੇ ਕੀਤੇ। ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ ਇਕ ਸਾਲ ਤੋਂ ਪੰਜਾਬ ਦੀ ਵਿੱਤੀ ਹਾਲਤ ਬੇਹੱਦ ਖ਼ਰਾਬ ਹੋ ਗਈ ਹੈ। 40 ਹਜ਼ਾਰ ਕਰੋੜ ਦਾ ਕਰਜ਼ਾ ਸਰਕਾਰ ਨੇ ਇਕ ਸਾਲ ਦੇ ਅੰਦਰ ਲੈ ਲਿਆ ਹੈ। ਬਿਜਲੀ ਦੇ ਮੁੱਦੇ ‘ਤੇ ਬੋਲਦੇ ਸੁਖਬੀਰ ਨੇ ਕਿਹਾ ਕਿ ਬਿਜਲੀ ਮਹਿਕਮੇ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ ਅਤੇ ਇਸ ਵਾਰ ਗਰਮੀਆਂ ਵਿਚ ਪੰਜਾਬ ਦੇ ਲੋਕਾਂ ਨੂੰ ਬੇਹੱਦ ਪਰੇਸ਼ਾਨੀ ਹੋਣ ਵਾਲੀ ਹੈ। ਕਿਸਾਨਾਂ ਨੂੰ ਅਪੀਲ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਆਉਣ ਵਾਲੀਆਂ ਗਰਮੀਆਂ ਵਿਚ ਕਿਸਾਨਾਂ ਨੂੰ 8 ਘੰਟੇ ਬਿਜਲੀ ਵੀ ਮੁਹੱਈਆ ਨਹੀਂ ਹੋਣੀ ਅਤੇ ਕਿਸਾਨ ਆਪਣਾ ਇੰਤਜ਼ਾਮ ਕਰ ਲੈਣ।
‘ਆਪ’ ਸਰਕਾਰ ਨਾਮ ਬਦਲਣ ਦੀ ਸਰਕਾਰ ਹੈ ਨਵੀਂ ਚੀਜ਼ ਬਣਾਉਣ ਦੀ ਸਰਕਾਰ ਨਹੀਂ ਹੈ। ਉਨ੍ਹਾ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਪੰਜਾਬ ਦੀ ਇੰਡਸਟਰੀ ਗੈਂਗਸਟਰਾਂ ਤੋਂ ਮਿਲ ਰਹੀਆਂ ਧਮਕੀਆਂ ਮਗਰੋਂ ਹੋਰ ਸੂਬਿਆਂ ਵਿਚ ਭੱਜ ਰਹੀ ਹੈ, ਕਿਉਂਕਿ ਉਹ ਇਥੇ ਆਪਣੀ ਜਾਨ ਨੂੰ ਸੁਰੱਖਿਅਤ ਨਹੀਂ ਸਮਝ ਰਹੇ ਹਨ। ਪਹਿਲਾਂ ਅਜਿਹਾ ਹੁੰਦਾ ਸੀ ਕਿ ਉਥੋਂ ਦੀਆਂ ਕੰਪਨੀਆਂ ਪੰਜਾਬ ਵਿਚ ਆਉਂਦੀਆਂ ਸਨ ਅਤੇ ਹੁਣ ਪੰਜਾਬ ਦੀਆਂ ਕੰਪਨੀਆਂ ਬਿਹਾਰ, ਯੂਪੀ, ਹਰਿਆਣਾ ਸਮੇਤ ਹੋਰ ਸੂਬਿਆਂ ਵਿਚ ਜਾ ਰਹੀਆਂ ਹਨ। ਸੁਖਬੀਰ ਨੇ ਕਿਹਾ ਕਿ ‘ਆਪ’ ਸਰਕਾਰ ਦੀ ਜਿਹੜੀ ਇੰਸੈਂਟਿਵ ਇੰਡਸਟਰੀਅਲ ਪਾਲਿਸੀ ਹੈ, ਉਹ ਇੰਸੈਂਟਿਵ ਲਈ ਨਹੀਂ ਸਗੋਂ ਇੰਡਸਟਰੀ ਨੂੰ ਬੰਦ ਕਰਨ ਦੀ ਪਾਲਿਸੀ ਹੈ।
ਅਰਵਿੰਦ ਕੇਜਰੀਵਾਲ ਆਪਣੇ ਬੰਦਿਆਂ ਰਾਹੀਂ ਪੰਜਾਬ ਵਿਚ ਸਰਕਾਰ ਚਲਾ ਰਹੇ ਹਨ। ਸਾਰੀਆਂ ਫਾਈਲਾਂ ਕੇਜਰੀਵਾਲ ਵੱਲੋਂ ਰੱਖੇ ਗਏ ਦਫ਼ਤਰਾਂ ਵਿਚ ਬੰਦੇ ਵੇਖਦੇ ਹਨ ਫਿਰ ਮੰਤਰੀ ਵੇਖਦੇ ਹਨ ਅਤੇ ਮੰਤਰੀਆਂ ਦਾ ਕੰਮ ਬਾਅਦ ਵਿਚ ਸਿਰਫ਼ ਦਸਤਖ਼ਤ ਕਰਨ ਦਾ ਹੀ ਹੁੰਦਾ ਹੈ। ਪੰਜਾਬ ਦੇ ਸਕੂਲਾਂ ਨੂੰ ਨਵੇਂ ਬਣਾਉਣ ਨੂੰ ਲੈ ਕੇ ਸੁਖਬੀਰ ਬਾਦਲ ਨੇ ਕਿਹਾ ਕਿ ਜਿਹੜੇ ਬਾਦਲ ਸਾਬ੍ਹ ਨੇ ਹੀ ਮੈਰੀਟੋਰੀਅਲ ਸਕੂਲ ਬਣਾਏ ਸਨ, ਉਨ੍ਹਾਂ ਦਾ ਹੀ ਨਾਂ ਬਦਲ ਦਿੱਤਾ ਗਿਆ ਹੈ। ਪਿੰਡਾਂ ਦੀਆਂ ਡਿਸਪੈਂਸਰੀਆਂ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।