ਅੰਮ੍ਰਿਤਸਰ-ਪ੍ਰਸਿੱਧ ਅਦਾਕਾਰਾ ਸੋਨੀਆ ਮਾਨ ਅਕਸਰ ਹੀ ਪੰਥਕ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੀ ਹੈ। ਇੰਨੀਂ ਦਿਨੀਂ ਸੋਨੀਆ ਮਾਨ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੀ ਹੋਈ ਹੈ। ਇਸ ਦੇ ਤਹਿਤ ਸੋਨੀਆ ਮਾਨ ਅੰਮ੍ਰਿਤਸਰ ‘ਚ ਸੀ। ਇੱਥੋਂ ਅਦਾਕਾਰਾ ਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫਲੇ ਨੂੰ ਮੋਹਾਲੀ ਲਈ ਰਵਾਨਾ ਕੀਤਾ।
ਦੱਸ ਦਈਏ ਕਿ ‘ਕੌਮੀ ਇਨਸਾਫ ਮੋਰਚੇ’ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਕਰਾਉਣਾ ਹੈ। ਇਸ ਲਈ ਪੂਰੇ ਪੰਜਾਬ ‘ਚ ਮੋਰਚਾ ਕੱਢਿਆ ਜਾ ਰਿਹਾ ਹੈ। ਸੋਨੀਆ ਮਾਨ ਇਸ ਕਾਫਲੇ ਦੀ ਅਗਵਾਈ ਕਰ ਰਹੀ ਹੈ। ਉਸ ਦੀ ਅਗਵਾਈ ਵਿਚ ਹੀ ਇਹ ਕਾਫਲਾ ਅੰਮ੍ਰਿਤਸਰ ਤੋਂ ਮੋਹਾਲੀ ਰਵਾਨਾ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ।
ਦੱਸਣਯੋਗ ਹੈ ਕਿ ਸੋਨੀਆ ਮਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਤੇ ਮਾਡਲ ਹੈ। ਉਹ ਕਈ ਫ਼ਿਲਮਾਂ ਅਤੇ ਗੀਤਾਂ ਵਿਚ ਅਦਾਕਾਰੀ ਕਰ ਚੁੱਕੀ ਹੈ। ਉਹ ‘ਕਿਸਾਨ ਅੰਦੋਲਨ’ ਦੌਰਾਨ ਸੁਰਖੀਆਂ ਵਿਚ ਆਈ ਸੀ। ਇੱਥੇ ਉਹ ਕਿਸਾਨਾਂ ਦੇ ਸਮਰਥਨ ਵਿਚ ਡਟ ਕੇ ਖੜ੍ਹੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸੋਨੀਆ ਮਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੰਜਾਬੀ ਫ਼ਿਲਮ ‘ਹੈ ਕੋਈ ਹੋਰ’ ਵਿਚ ਨਜ਼ਰ ਆਉਣ ਵਾਲੀ ਹੈ।