ਸ੍ਰੀ ਮੁਕਤਸਰ ਸਾਹਿਬ- ਮਾਘੀ ਮੇਲੇ ਸਬੰਧੀ ਕਾਨਫਰੰਸ ਵਾਲੀ ਥਾਂ ਦਾ ਜਾਇਜ਼ਾ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਰਾਹੁਲ ਗਾਂਧੀ ਦੀ ‘ਭਾਰਤ ਜੋੜੋ’ ਯਾਤਰਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਗਾਂਧੀ ਪਰਿਵਾਰ ਜੋੜਨਾ ਨਹੀਂ ਬਲਕਿ ਤੋੜਨਾ ਹੀ ਜਾਣਦਾ ਹੈ। ‘ਭਾਰਤ ਜੋੜੋ’ ਯਾਤਰਾ ਸਿਰਫ਼ ਡਰਾਮਾ ਹੈ। ਗਾਂਧੀ ਪਰਿਵਾਰ ਦੇ ਰਾਜ ਵਿਚ ਜਿੰਨੇ ਦੰਗੇ ਹੋਏ ਹਨ, ਓਨੇ ਕਿਸੇ ਦੇ ਰਾਜ ’ਚ ਨਹੀਂ ਹੋਏ। ਇਨ੍ਹਾਂ ਦੇ ਨਾਲ ਲੋਕ ਕਦੇ ਨਹੀਂ ਜੁੜਨਗੇ। ਮੈਂ ਤਾਂ ਹੈਰਾਨ ਹਾਂ ਕਿ ਰਾਹੁਲ ਗਾਂਧੀ ਦਾ ਸਵਾਗਤ ਕਰਨ ਵਾਲੇ ਕਾਂਗਰਸੀ ਕਿਵੇਂ ਪੰਜਾਬ ਦੇ ਹਿੱਤ ਭੁੱਲ ਗਏ। ‘ਭਾਰਤ ਜੋੜੋ’ ਯਾਤਰਾ ਤਾਂ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੱਢੀ ਜਾ ਰਹੀ ਹੈ।
ਪੰਜਾਬ ਸਰਕਾਰ ’ਤੇ ਵਰ੍ਹਦਿਆਂ ਸੁਖਬੀਰ ਨੇ ਕਿਹਾ ਕਿ ਪੰਜਾਬ ਦਾ ਪੂਰਾ ਕੰਟਰੋਲ ਇਸ ਸਮੇਂ ਦਿੱਲੀ ਸਰਕਾਰ ਦੇ ਹੱਥਾਂ ’ਚ ਹੈ, ਜੋ ਆਪਣੀ ਮਰਜ਼ੀ ਮੁਤਾਬਕ ਪੰਜਾਬ ਨੂੰ ਚਲਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਭਗਵੰਤ ਮਾਨ ਨੇ ਜਨਤਾ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਇਕ ਮੌਕੇ ਦਿੱਤਾ ਜਾਵੇ, ਹੁਣ ਜਦੋਂ ਜਨਤਾ ਨੇ ਮੌਕਾ ਦੇ ਦਿੱਤਾ ਹੈ ਤਾਂ ਉਹ ਆਪਣੇ ਕੀਤੇ ਵਾਅਦਿਆਂ ’ਤੇ ਖਰਾ ਨਹੀਂ ਉੱਤਰ ਰਹੇ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ, ਹਰਦੀਪ ਸਿੰਘ ਡਿੰਪੀ ਢਿੱਲੋਂ, ਮਨਜਿੰਦਰ ਸਿੰਘ ਬਿੱਟੂ ਸਾਬਕਾ ਚੇਅਰਮੈਨ, ਜਗਜੀਤ ਸਿੰਘ, ਜਗਤਾਰ ਸਿੰਘ ਪੱਪੀ ਥਾਂਦੇਵਾਲਾ, ਨੱਥਾ ਸਿੰਘ, ਗੁਰਦੀਪ ਸਿੰਘ ਮੜਮੱਲੂ, ਹਰਪਾਲ ਸਿੰਘ ਬੇਦੀ, ਵਿਜੈ ਰੁਪਾਣਾ, ਰਾਜੇਸ਼ ਕੁਮਾਰ ਬੱਬਾ, ਕਾਕੂ ਸੀਰਵਾਲੀ, ਟੇਕ ਚੰਦ ਬੱਤਰਾ, ਬੇਅੰਤ ਸਿੰਘ ਲਾਲੀ ਨੰਬਰਦਾਰ ਸੰਗੂਧੌਣ, ਹਰਵਿੰਦਰ ਸਿੰਘ ਪੀ. ਏ. ਸਮੇਤ ਵੱਡੀ ਗਿਣਤੀ ’ਚ ਵਰਕਰ ਹਾਜ਼ਰ ਸਨ।