ਚੰਡੀਗੜ੍ਹ : ਐਮਰਜੈਂਸੀ ਹਾਲਾਤ ‘ਚ ਮਰੀਜ਼ਾਂ ਨੂੰ ਸਿਹਤ ਕੇਂਦਰਾਂ ਤਕ ਪੁੱਜਦਾ ਕਰਨ ਵਾਲੀ 108 ਐਂਬੂਲੈਂਸ ਸੇਵਾ ਸਰਕਾਰੀ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਬੰਦ ਹੋਣ ਦੀ ਸਥਿਤੀ ‘ਚ ਪੁੱਜ ਗਈ ਹੈ। ਇਸ ਸਬੰਧੀ 108 ਐਂਬੂਲੈਂਸ ਇੰਪਲਾਈਜ਼ ਯੂਨੀਅਨ ਦਾ ਦੋਸ਼ ਹੈ ਕਿ ਸਰਕਾਰ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਹਰ ਵੇਲੇ ਅਣਗੌਲਿਆਂ ਕੀਤਾ ਹੈ, ਜਿਸ ਕਾਰਨ ਮਜ਼ਬੂਰ ਹੋ ਕੇ ਉਹ ਸਖ਼ਤ ਕਦਮ ਚੁੱਕਣ ਜਾ ਰਹੇ ਹਨ। ਯੂਨੀਅਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਨਿੱਜ਼ਰ ਨੇ ਸਥਾਨਕ ਪ੍ਰੈਸ ਕਲੱਬ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਨੂੰ ਆਪਣੇ ਅਧੀਨ ਲਵੇ ਪਰ ਹਾਲੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ 2013 ਤੋਂ ਉਨ੍ਹਾਂ ਦਾ ਇੰਕਰੀਮੈਂਟ ਰੁਕਿਆ ਪਿਆ ਹੈ ਜਿਸ ਦੀ ਅਦਾਇਗੀ ਕਰਨ ਵਿੱਚ ਵੀ ਸਰਕਾਰ ਗੰਭੀਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਿਯੁਕਤੀ ਸਮੇਂ ਫੈਸਲਾ ਕੀਤਾ ਗਿਆ ਸੀ ਕਿ 108 ਮੁਲਾਜ਼ਮਾਂ ਦੀ ਬਦਲੀ ਦੂਰ-ਦੁਰਾਡੇ ਨਹੀਂ ਕੀਤੀ ਜਾਵੇਗੀ ਪਰ ਹੁਣ ਸਰਕਾਰ 200 ਤੋਂ 300 ਕਿੱਲੋਮੀਟਰ ਤਕ ਸਟਾਫ਼ ਦੀ ਬਦਲੀ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਆਰਥਿਕ ਤੇ ਸਮਾਜਿਕ ਰੂਪ ‘ਚ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ 108 ਸਟਾਫ਼ ਦਾ ਮੈਡੀਕਲ ਦੁਰਘਟਨਾ ਬੀਮਾ ਕਰਵਾਇਆ ਜਾਵੇ ਤੇ ਕੋਵਿਡ ਸਮੇਂ ਦੌਰਾਨ ਬੰਦ ਕੀਤੀਆਂ ਛੁੱਟੀਆਂ ਮੁੜ ਬਹਾਲ ਕੀਤੀਆਂ ਜਾਣ। ਉਨ੍ਹਾਂ ਮੰਗ ਕੀਤੀ ਕਿ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਵਾਲੇ ਮੁਲਾਜ਼ਮਾਂ ਨੂੰ ਬਰਖ਼ਾਸਤ ਕੀਤਾ ਗਿਆ ਸੀ, ਉਨ੍ਹਾਂ ਨੂੰ ਮੁੜ ਤੋਂ ਬਹਾਲ ਕੀਤਾ ਜਾਵੇ ਅਤੇ ਨਿਯਮਾਂ ਮੁਤਾਬਕ ਐਂਬੂਲੈਂਸ ਦੇ ਡਰਾਈਵਰ ਤੋਂ 12 ਦੀ ਬਜਾਏ 8 ਘੰਟੇ ਦੀ ਡਿਊਟੀ ਲਈ ਜਾਵੇ।