ਬਿਜ਼ਨਸ ਡੈਸਕ : ਉੱਤਰੀ ਭਾਰਤ ਵਿਚ ਸੰਘਣੀ ਧੁੰਦ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਸੋਮਵਾਰ ਸਵੇਰ ਤੋਂ ਹੀ ਧੁੰਦ ਸੰਘਣੀ ਧੁੰਦ ਪਈ ਹੋਈ ਹੈ ਤੇ ਇਸ ਦਾ ਅਸਰ ਰੇਲ ਗੱਡੀਆਂ ’ਤੇ ਦੇਖਣ ਨੂੰ ਮਿਲਿਆ। ਦਿੱਲੀ ’ਚ ਚੱਲ ਰਹੀ ਸ਼ੀਤ ਲਹਿਰ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ ਹੈ, ਜਦੋਂਕਿ ਧੁੰਦ ਤੇ ਹੋਰ ਸਥਿਤੀਆਂ ਕਾਰਨ ਅੱਜ ਕੁੱਲ 267 ਟਰੇਨਾਂ ਰੱਦ ਕਰ ਦਿੱਤੀਆਂ ਗਈਆਂ। ਸਵੇਰੇ 11 ਵਜੇ ਤਕ ਕੁੱਲ 170 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ। ਧੁੰਦ ਕਾਰਨ 91 ਟਰੇਨਾਂ ਦੇਰੀ ਨਾਲ ਚੱਲ ਰਹੀਆਂ ਸਨ।
ਜ਼ਿਕਰਯੋਗ ਕਿ ਐਤਵਾਰ ਨੂੰ ਕਸ਼ਮੀਰ ਦੇ ਪਹਾੜਾਂ ’ਚ ਬਰਫਬਾਰੀ ਹੋਈ, ਜਿਸ ਕਾਰਨ ਪੂਰਾ ਉੱਤਰ ਭਾਰਤ ਧੁੰਦ ਅਤੇ ਕੋਹਰੇ ਦੀ ਲਪੇਟ ’ਚ ਆ ਗਿਆ ਹੈ। ਪੰਜਾਬ ਦੇ ਬਠਿੰਡਾ ਵਿਚ ਵਿਜ਼ੀਬਿਲਟੀ ਜ਼ੀਰੋ ਦਰਜ ਕੀਤੀ ਗਈ, ਉੱਥੇ ਹੀ ਦਿੱਲੀ ਦੀ ਹਾਲਤ ਵੀ ਅਜਿਹੀ ਹੀ ਦੇਖਣ ਨੂੰ ਮਿਲੀ।
ਟਰੇਨਾਂ ’ਤੇ ਦਿਸਿਆ ਅਸਰ
ਸੰਘਣੀ ਧੁੰਦ ਦਾ ਅਸਰ ਆਮ ਜਨਜੀਵਨ ਦੇ ਨਾਲ-ਨਾਲ ਰੇਲ ਗੱਡੀਆਂ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਰੇਲਵੇ ਨੇ 23 ਟਰੇਨਾਂ ਦੇ ਰੂਟ ਬਦਲੇ ਹਨ, ਜਦੋਂਕਿ 39 ਟਰੇਨਾਂ ਦਾ ਸਮਾਂ ਬਦਲਿਆ ਗਿਆ ਹੈ। 12622 ਤਾਮਿਲਨਾਡੂ ਐਕਸਪ੍ਰੈਸ ਵਰਗੀਆਂ ਟਰੇਨਾਂ 8 ਘੰਟੇ 47 ਮਿੰਟ ਦੇਰੀ ਨਾਲ ਚੱਲ ਰਹੀਆਂ ਸਨ, ਜਦੋਂਕਿ ਸੁਲਤਾਨਪੁਰ ਦਿੱਲੀ ਐਕਸਪ੍ਰੈਸ, ਗੋਆ ਸੰਪਰਕ ਕ੍ਰਾਂਤੀ ਐਕਸਪ੍ਰੈਸ ਅਤੇ ਪੰਜਾਬ ਮੇਲ ਵਰਗੀਆਂ ਟਰੇਨਾਂ ਦੋ ਤੋਂ ਤਿੰਨ ਘੰਟੇ ਦੇਰੀ ਨਾਲ ਚੱਲ ਰਹੀਆਂ ਸਨ।