ਲੁਧਿਆਣਾ ‘ਚ ED ਦੀ ਵੱਡੀ ਕਾਰਵਾਈ, ਮਸ਼ਹੂਰ ਸ਼ਰਾਬ ਕਾਰੋਬਾਰੀ ਦੇ ਟਿਕਾਣਿਆਂ ‘ਤੇ ਛਾਪੇਮਾਰੀ

ਲੁਧਿਆਣਾ- ਲੁਧਿਆਣਾ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਜ਼ੋਨਲ ਦਫ਼ਤਰ ਜਲੰਧਰ ਦੀਆਂ ਵੱਖ-ਵੱਖ ਟੀਮਾਂ ਨੇ ਮੰਗਲਵਾਰ ਨੂੰ ਇਕ ਪੁਰਾਣੇ ਬੈਂਕ ਧੋਖਾਧੜੀ ਦੇ ਮਾਮਲੇ ‘ਚ ਲੁਧਿਆਣਾ ਦੇ ਮਸ਼ਹੂਰ ਸ਼ਰਾਬ ਕਾਰੋਬਾਰੀ ਠੇਕੇਦਾਰ ਚਰਨਜੀਤ ਬਜਾਜ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਰਿਹਾਇਸ਼ ਅਤੇ ਦਫ਼ਤਰਾਂ ‘ਤੇ ਛਾਪੇਮਾਰੀ ਕੀਤੀ। ਬਜਾਜ ਪਰਿਵਾਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੇ 10 ਤੋਂ ਜ਼ਿਆਦਾ ਕੰਪਲੈਕਸਾਂ ‘ਤੇ ਇਹ ਛਾਪੇਮਾਰੀ ਕੀਤੀ ਗਈ।

ਸੂਤਰਾਂ ਮੁਤਾਬਕ ਈ. ਡੀ. ਦੀ ਇਹ ਕਾਰਵਾਈ ਸੀ. ਬੀ. ਆਈ. ਵੱਲੋਂ ਸਾਲ 2019 ‘ਚ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਦੇ ਖ਼ਿਲਾਫ਼ ਦਰਜ ਮਾਮਲੇ ਦਾ ਨਤੀਜਾ ਹੈ, ਜਿਸ ‘ਚ ਬਜਾਜ ਅਤੇ ਉਨ੍ਹਾਂ ਦੀ ਪਤਨੀ ਡਾਇਰੈਕਟਰ ਸਨ। ਇਸ ਕੰਪਨੀ ਨੇ ਕਥਿਤ ਤੌਰ ‘ਤੇ ਸਟੇਟ ਬੈਂਕ ਆਫ ਇੰਡੀਆ ਨਾਲ 73.41 ਕਰੋੜ ਦੀ ਧੋਖਾਧੜੀ ਕੀਤੀ ਸੀ ਅਤੇ ਬੈਂਕ ਅਧਿਕਾਰੀਆਂ ਵੱਲੋਂ ਦਾਇਰ ਇਕ ਸ਼ਿਕਾਇਤ ਦੇ ਆਧਾਰ ‘ਤੇ ਸੀ. ਬੀ. ਆਈ. ਨੇ ਬਜਾਜ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ‘ਤੇ ਛਾਪਾ ਵੀ ਮਾਰਿਆ ਸੀ। ਖ਼ਬਰ ਲਿਖੇ ਜਾਣ ਤੱਕ ਈ. ਡੀ. ਦੀ ਕਾਰਵਾਈ ਜਾਰੀ ਰਹੀ। ਸੂਤਰਾਂ ਦਾ ਕਹਿਣਾ ਹੈ ਕਿ ਈ. ਡੀ. ਕਾਰਵਾਈ ਦੌਰਾਨ ਉਕਤ ਮਾਮਲੇ ਦੇ ਸਬੰਧ ‘ਚ ਮਨੀ ਲਾਂਡਰਿੰਗ ਐਕਟ ਦੇ ਐਂਗਲ ਤੋਂ ਛਾਣਬੀਣ ਕਰੇਗਾ।

Leave a Reply

Your email address will not be published. Required fields are marked *