ਟਰਾਂਸਪੋਰਟ ਵਿਭਾਗ ਵੱਲੋਂ ਰੇਤ-ਬੱਜਰੀ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟ ਤੈਅ, ਟਰਾਂਸਪੋਰਟਰਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲਣ ਦੇ ਰੁਝਾਨ ਨੂੰ ਪਵੇਗੀ ਠੱਲ੍ਹ: ਲਾਲਜੀਤ ਸਿੰਘ ਭੁੱਲਰ

ਚੰਡੀਗੜ੍ਹ: ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਖਾਣਾਂ ਅਤੇ ਖਣਿਜ (ਵਿਕਾਸ ਅਤੇ ਰੈਗੂਲੇਸ਼ਨ) ਐਕਟ, 1957 ਤਹਿਤ ਪਰਿਭਾਸ਼ਿਤ ਮਾਇਨਰ ਖਣਿਜਾਂ ਦੀ ਪੰਜਾਬ ਰਾਜ ਵਿੱਚ ਢੋਆ-ਢੁਆਈ ਲਈ ਦਰਾਂ ਤੈਅ ਕਰ ਦਿੱਤੀਆਂ ਗਈਆਂ ਹਨ।

ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਿੱਟੀ, ਸੁਰਖੀ, ਰੇਤ, ਰਾਖ, ਬਜਰੀ, ਗਟਕਾ, ਸਟੋਨ ਬੋਲਡਰ, ਕੰਕਰ ਅਤੇ ਇਮਾਰਤੀ ਮਲਬੇ ਆਦਿ ਖਣਿਜਾਂ ਦੀ ਢੋਆ-ਢੁਆਈ ਦੇ ਰੇਟਾਂ ਨੂੰ ਵੱਖ-ਵੱਖ ਰੇਟ ਸਲੈਬਾਂ ਵਿੱਚ ਵੰਡਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਢੋਆ-ਢੁਆਈ ਦੇ ਰੇਟ ਤੈਅ ਕਰਨ ਨਾਲ ਟਰਾਂਸਪੋਰਟਰਾਂ ਵੱਲੋਂ ਮਨਮਰਜ਼ੀ ਦੇ ਰੇਟ ਵਸੂਲਣ ਦੇ ਰੁਝਾਨ ਨੂੰ ਠੱਲ੍ਹ ਪਵੇਗੀ ਅਤੇ ਸਿੱਧੇ ਤੌਰ ‘ਤੇ ਲੋਕਾਂ ਦਾ ਪੈਸਾ ਬਚੇਗਾ।

ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ 0.5 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਦੀ ਦੂਰੀ ਲਈ ਰੇਟ 68.49 ਰੁਪਏ ਤੋਂ 349.82 ਰੁਪਏ ਪ੍ਰਤੀ ਮੀਟਰਕ ਟਨ ਦਰਮਿਆਨ ਹੋਵੇਗਾ।

Leave a Reply

Your email address will not be published. Required fields are marked *