ਪਟਿਆਲਾ- ਥਾਣਾ ਬਖਸ਼ੀਵਾਲਾ ਅਧੀਨ ਪੈਂਦੇ ਪਿੰਡ ਦਦਹੇੜਾ ਵਿਖੇ ਖੇਤਾਂ ’ਚ ਪਾਣੀ ਵਾਲੀ ਮੋਟਰ ’ਤੇ ਇਕ ਪ੍ਰਵਾਸੀ ਮਜ਼ਦੂਰ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਰੁਣ ਕੁਮਾਰ ਉਰਫ ਰਾਜੂ ਵਾਸੀ ਰਾਣੀ ਗੰਜ ਬਿਹਾਰ ਵਜੋਂ ਹੋਈ, ਜੋ ਕਿ ਸਾਬਕਾ ਸਰਪੰਚ ਕੁਲਵੰਤ ਸਿੰਘ ਦੀ ਮੋਟਰ ’ਤੇ ਰਹਿ ਰਿਹਾ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀ. ਐੱਸ. ਪੀ. ਸਿਟੀ-2 ਜਸਵਿੰਦਰ ਸਿੰਘ ਟਿਵਾਣਾ, ਥਾਣਾ ਬਖਸ਼ੀਵਾਲਾ ਦੇ ਐੱਸ. ਐੱਚ. ਓ. ਕਰਨਵੀਰ ਸਿੰਘ ਸੰਧੂ ਅਤੇ ਥਾਣਾ ਤ੍ਰਿਪੜੀ ਦੇ ਐੱਸ. ਐੱਚ. ਓ. ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਸਮੇਤ ਮੌਕੇ ’ਤੇ ਪਹੁੰਚ ਗਏ। ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਇਹ ਵੀ ਪੜ੍ਹੋ : ਯੂਕ੍ਰੇਨ ‘ਚ ਜੰਗ ਲੱਗੀ ਤਾਂ ਸਪੇਨ ਨਿਕਲ ਗਿਆ ਮੁਕਤਸਰ ਦਾ ਸੰਦੀਪ, ਇੰਝ ਆਵੇਗੀ ਮੌਤ ਸੋਚਿਆ ਨਾ ਸੀ
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਜਸਵਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਮ੍ਰਿਤਕ ਅਰੁਣ ਕੁਮਾਰ ਰੋਟੀ ਲੈ ਕੇ ਖੇਤ ’ਚ ਗਿਆ ਸੀ। ਜਦੋਂ ਕਿਸਾਨ ਨੇ ਸਵੇਰੇ ਆ ਕੇ ਦੇਖਿਆ ਤਾਂ ਅਰੁਣ ਕੁਮਾਰ ਦੀ ਲਾਸ਼ ਖੂਨ ਨਾਲ ਲਥ-ਪਥ ਪਈ ਸੀ। ਉਸ ਨੂੰ ਕਾਫੀ ਦੂਰ ਤੱਕ ਘੜੀਸਿਆ ਵੀ ਹੋਇਆ ਸੀ। ਉਨ੍ਹਾਂ ਦੱਸਿਆ ਕਿ ਫਿਲਹਾਲ ਥਾਣਾ ਬਖਸ਼ੀਵਾਲਾ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ 302 ਅਤੇ 34 ਆਈ. ਪੀ. ਸੀ. ਤਹਿਤ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀ. ਐੱਸ. ਪੀ. ਟਿਵਾਣਾ ਨੇ ਇਸ ਨੂੰ ਲੁੱਟ ਦੀ ਘਟਨਾ ਹੋਣ ਤੋਂ ਸਾਫ ਇਨਕਾਰ ਕਰਦਿਆਂ ਕਿਹਾ ਕਿ ਜੇਕਰ ਲੁੱਟ ਦੀ ਗੱਲ ਹੁੰਦੀ ਤਾਂ ਉਥੇ ਮੋਟਰਸਾਈਕਲ ਖੜ੍ਹਾ ਸੀ ਅਤੇ ਹੋਰ ਸਾਮਾਨ ਵੀ ਪਿਆ ਸੀ, ਕੁਝ ਵੀ ਨਹੀਂ ਛੇੜਿਆ ਗਿਆ। ਇਸ ਲਈ ਇਸ ਨੂੰ ਲੁੱਟ ਦੀ ਘਟਨਾ ਨਹੀਂ ਕਿਹਾ ਜਾ ਸਕਦਾ ਹੈ। ਮੁੱਢਲੀ ਜਾਂਚ ’ਚ ਇਹ ਕਤਲ ਦਾ ਹੀ ਮਾਮਲਾ ਲੱਗਦਾ ਹੈ। ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਪੁਲਸ ਵੱਲੋਂ ਇਸ ਮਾਮਲੇ ’ਚ ਇਕ ਵਿਅਕਤੀ ਨੂੰ ਰਾਊਂਡਅਪ ਵੀ ਕੀਤਾ ਗਿਆ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਂਝ ਉਸ ਦੀ ਅਧਿਕਾਰਿਤ ਪੁਸ਼ਟੀ ਪੁਲਸ ਵੱਲੋਂ ਨਹੀਂ ਕੀਤੀ ਗਈ।