ਫਰੀਦਕੋਟ ‘ਚ ਸੰਘਣੀ ਧੁੰਦ ਦੌਰਾਨ ਬੱਚਿਆਂ ਨਾਲ ਭਰੀ ਸਕੂਲ ਵੈਨ ਦੀ ਕਾਰ ਨਾਲ ਹੋਈ ਭਿਆਨਕ ਟੱਕਰ

ACCIDENT/nawanpunjab.com

ਸਾਦਿਕ- ਦੋ ਦਿਨ ਤੋਂ ਪੈ ਰਹੀ ਧੁੰਦ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਅੱਜ ਸਵੇਰੇ ਸਾਦਿਕ ਨੇੜੇ ਫਰੀਦਕੋਟ ਰੋਡ ‘ਤੇ ਧੁੰਦ ਕਾਰਨ ਸਕੂਲ ਵੈਨ ਤੇ ਕਾਰ ਦੀ ਭਿਆਨਕ ਟੱਕਰ ਦੌਰਾਨ ਸਕੂਲ ਵੈਨ ਪਲਟ ਗਈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਵੈਨ ‘ਚ ਲਗਭਗ 25 ਬੱਚੇ ਸਵਾਰ ਸਨ। ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਕੁਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਸਭ ਬੱਚੇ ਠੀਕ ਹਨ। ਦੱਸਿਆ ਜਾਂਦਾ ਹੈ ਕਿ ਆਦਰਸ਼ ਸਕੂਲ ਮਿੱਡੂਮਾਨ ਦੀ ਸਕੂਲ ਵੈਨ ਪਿੰਡ ਮਾਨੀ ਸਿੰਘ ਵਾਲਾ ਵਾਲੇ ਪਾਸੇ ਤੋਂ ਬੱਚੇ ਲੈ ਕੇ ਸਕੂਲ ਜਾ ਰਹੀ ਸੀ। ਜਦ ਉਹ ਸਾਦਿਕ ਫਰੀਦਕੋਟ ਮੇਨ ਸੜਕ ‘ਤੇ ਚੜ੍ਹਨ ਲੱਗੀ ਤਾਂ ਧੁੰਦ ਕਾਰਨ ਉਸ ਦੀ ਟੱਕਰ ਸਵਿਫਟ ਕਾਰ ਨਾਲ ਹੋ ਗਈ ਤੇ ਵੈਨ ਪਲਟ ਗਈ। ਜਦਕਿ ਕਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਤੇ ਕਾਰ ਸਵਾਰ ਵੀ ਵਾਲ ਵਾਲ ਬਚ ਗਏ।

ਕਾਰ ਸਵਾਰ ਨੇ ਦੱਸਿਆ ਕਿ ਉਹ ਥੇਹ ਗੁੱਜਰ ਤੋਂ ਫਰੀਦਕੋਟ ਜਾ ਰਹੇ ਸਨ ਕਿ ਮਾਨੀ ਸਿੰਘ ਵਾਲਾ ਮੋੜ ਤੇ ਇਹ ਹਾਦਸਾ ਵਾਪਰ ਗਿਆ। ਲੋਕਾਂ ਨੇ ਮੌਕੇ ‘ਤੇ ਆ ਕੇ ਬੱਚਿਆਂ ਤੇ ਕਾਰ ਸਵਾਰਾਂ ਨੂੰ ਵਹੀਕਲਾਂ ਵਿੱਚੋਂ ਬਾਹਰ ਕੱਢਿਆ ਤੇ ਮੁੱਢਲੀ ਸਹਾਇਤਾ ਲਈ ਯਤਨ ਕੀਤੇ। ਘਟਨਾ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਹਰਵਿੰਦਰ ਸਿੰਘ ਵੀ ਮੌਕੇ ‘ਤੇ ਪੁੱਜੇ। ਡੈਮੋਕਰੇਟਿਵ ਟੀਚਰਜ਼ ਫਰੰਟ ਦੇ ਜ਼ਿਲ੍ਹਾ ਫਰੀਦਕੋਟ ਦੇ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਧੁੰਦ ਨੂੰ ਦੇਖਦਿਆਂ ਜਾਂ ਤਾਂ ਸਕੂਲਾਂ ਵਿੱਚ ਛੁੱਟੀਆਂ ਕੀਤੀਆਂ ਜਾਣ ਜਾਂ ਸਕੂਲਾਂ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ।

Leave a Reply

Your email address will not be published. Required fields are marked *