ਨਵੀਂ ਦਿੱਲੀ, 26 ਜੁਲਾਈ (ਦਲਜੀਤ ਸਿੰਘ)- ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੀ ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਸੋਮਵਾਰ ਨੂੰ ਸਵਦੇਸ਼ ਪਰਤੀ ਤਾਂ ਹਵਾਈਅੱਡੇ ’ਤੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਚਾਨੂ ਸੁਰੱਖਿਆ ਕਰਮੀਆਂ ਨਾਲ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈਅੱਡੇ ਤੋਂ ਬਾਹਰ ਨਿਕਲੀ। ਉਨ੍ਹਾਂ ਦੇ ਚਿਹਰੇ ’ਤੇ ਮਾਸਕ ਅਤੇ ਫੇਸ ਸ਼ੀਲਡ ਲੱਗੀ ਹੋਈ ਸੀ। ਉਨ੍ਹਾਂ ਨੇ ਇੱਥੇ ਪਹੁੰਚਣ ਦੇ ਬਾਅਦ ਟਵੀਟ ਕੀਤਾ, ‘ਇੰਨੇ ਪਿਆਰ ਅਤੇ ਸਮਰਥਨ ਦਰਮਿਆਨ ਇੱਥੇ ਵਾਪਸ ਆ ਕੇ ਖੁਸ਼ੀ ਹੋ ਰਹੀ ਹੈ। ਬਹੁਤ-ਬਹੁਤ ਧੰਨਵਾਦ।’
ਇਸ 26 ਸਾਲਾ ਖਿਡਾਰੀ ਦਾ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਭਾਰਤੀ ਖੇਡ ਅਥਾਰਟੀ ਦੇ ਅਧਿਕਾਰੀਆਂ ਸਮੇਤ ਹੋਰ ਲੋਕਾਂ ਨੇ ਸਵਾਗਤ ਕੀਤਾ। ਮਣੀਪੁਰ ਦੀ ਇਸ ਖਿਡਾਰਣ ਨੇ ਟੋਕੀਓ ਓਲੰਪਿਕ ਵਿਚ 49 ਕਿਲੋਗ੍ਰਾਮ ਵਿਚ ਕੁੱਲ 202 ਕਿਲੋਗ੍ਰਾਮ (87 ਕਿਲੋਗ੍ਰਾਮ+115 ਕਿਲੋਗ੍ਰਾਮ) ਭਾਰ ਚੁੱਕ ਕੇ ਸ਼ਨੀਵਾਰ ਨੂੰ ਚਾਂਦੀ ਦਾ ਤਮਗਾ ਹਾਸਲ ਕੀਤਾ ਸੀ। ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿਚ 2000 ਸਿਡਨੀ ਓਲੰਪਿਕ ਖੇਡਾਂ ਵਿਚ ਕਰਨਮ ਮੱਲੇਸ਼ਵਰੀ ਨੇ ਕਾਂਸੀ ਤਮਗਾ ਜਿੱਤਿਆ ਸੀ।
ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਉਨ੍ਹਾਂ ਨੇ 2016 ਦੀਆਂ ਖੇਡਾਂ ਦੀ ਨਿਰਾਸ਼ਾ ਨੂੰ ਦੂਰ ਕੀਤਾ, ਜਿੱਥੇ ਉਹ ਇਕ ਵੀ ਵੈਧ ਭਾਰ ਚੁੱਕਣ ਵਿਚ ਅਸਫ਼ਲ ਰਹੀ ਸੀ। ਚਾਨੂ ਸਾਬਕਾ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਵੀ ਰਹਿ ਚੁੱਕੀ ਹੈ। ਉਹ ਇਨ੍ਹਾਂ ਖੇਡਾਂ ਤੋਂ ਪਹਿਲਾਂ ਅਮਰੀਕਾ ਵਿਚ ਅਭਿਆਸ ਕਰ ਰਹੀ ਸੀ ਅਤੇ ਆਪਣੇ ਆਤਮਵਿਸ਼ਵਾਸ ਨਾਲ ਭਰੇ ਪ੍ਰਦਰਸ਼ਨ ਨਾਲ ਤਮਗੇ ਦੀਆਂ ਉਮੀਦਾਂ ’ਤੇ ਖਰੀ ਉਤਰੀ।