ਆਪਣੇ ਬਲਬੂਤੇ ਇਕੱਲਿਆਂ ਚੋਣ ਲੜੇਗੀ ਆਮ ਆਦਮੀ ਪਾਰਟੀ : ਰਾਘਵ ਚੱਢਾ

raghaw/nawanpunjab.com

ਚੰਡੀਗੜ੍ਹ, 26 ਜੁਲਾਈ (ਦਲਜੀਤ ਸਿੰਘ)- ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਅਤੇ ਕੌਮੀ ਬੁਲਾਰੇ ਰਾਘਵ ਚੱਢਾ ਨੇ ਸੋਮਵਾਰ ਨੂੰ ਸੂਬਾ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੀ ਮੌਜੂਦਗੀ ‘ਚ ਸਾਫ਼ ਕੀਤਾ ਕਿ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਆਪਣੇ ਬਲਬੂਤੇ ਇਕੱਲਿਆਂ ਲੜੇਗੀ ਅਤੇ ਆਪਣੇ ਬਲਬੂਤੇ ਸਰਕਾਰ ਬਣਾਵੇਗੀ। ਅੱਜ ਇੱਥੇ ਪ੍ਰੈੱਸ ਕਲੱਬ ਵਿਖੇ ਲੰਬੀ ਤੋਂ ਕਾਂਗਰਸੀ ਆਗੂ ਗੁਰਮੀਤ ਸਿੰਘ ਖੁੱਡੀਆਂ ਨੂੰ ਪਾਰਟੀ ‘ਚ ਸ਼ਾਮਲ ਕਾਰਨ ਮਗਰੋਂ ਮੀਡੀਆ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ”ਅਸੀਂ ਅੱਜ ਸਾਫ਼ ਸ਼ਬਦਾਂ ‘ਚ ਸਪਸ਼ਟ ਕਰਦੇ ਹਾਂ ਕਿ 2022 ਦੀਆਂ ਚੋਣਾਂ ਆਮ ਆਦਮੀ ਪਾਰਟੀ ਆਪਣੇ ਬਲਬੂਤੇ ਲੜੇਗੀ। ਕਿਸੇ ਪਾਰਟੀ ਨਾਲ ਕੋਈ ਗੱਠਜੋੜ ਨਹੀਂ ਕਰੇਗੀ। ਸਾਰੇ 117 ਵਿਧਾਨ ਸਭਾ ਹਲਕਿਆਂ ‘ਚ ਆਪਣੇ ਉਮੀਦਵਾਰ ਉਤਾਰੇਗੀ ਅਤੇ ਜਿੱਤੇਗੀ।’ਢੋਇੱਕ ਹੋਰ ਸਵਾਲ ਦੇ ਜਵਾਬ ‘ਚ ਕਿਹਾ ਕਿ ਦੂਜੀਆਂ ਪਾਰਟੀਆਂ ਦੇ ਜੋ ਅੱਛੇ ਲੋਕ ਹਨ ਅਤੇ ਪੰਜਾਬ ਦੀ ਖ਼ੁਸ਼ਹਾਲੀ ਚਾਹੁੰਦੇ ਹਨ, ਅਜਿਹੇ ਸਾਰੇ ਲੋਕਾਂ ਅਤੇ ਆਗੂਆਂ ਦਾ ਆਮ ਆਦਮੀ ਪਾਰਟੀ ‘ਚ ਦਿਲੋਂ ਸਵਾਗਤ ਹੈ।

ਇਸ ਮੌਕੇ ਭਗਵੰਤ ਮਾਨ ਨੇ ਕਿਹਾ ਸੂਬੇ ਦੇ ਲੋਕ ਬਾਦਲਾਂ ਦੇ ਮਾਫ਼ੀਆ ਰਾਜ ਤੋਂ ਕਲਪ ਗਏ ਸਨ, ਹੁਣ ਕਾਂਗਰਸ ਦੀ ਮਾਫ਼ੀਆ ਸਰਕਾਰ ਤੋਂ ਹੋਰ ਵੀ ਜ਼ਿਆਦਾ ਕਲਪੇ ਪਏ ਹਨ। ਇਸ ਲਈ ਜਨਤਾ ਆਮ ਆਦਮੀ ਪਾਰਟੀ ਨੂੰ ਉਮੀਦ ਵਜੋਂ ਦੇਖਣਾ ਚਾਹੁੰਦੀ ਹੈ ਅਤੇ ਇੱਕ ਵਾਰ ਸਰਕਾਰ ਦੀ ਜ਼ਿੰਮੇਵਾਰੀ ਦੇਣ ਦਾ ਪੂਰਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਖੇਤੀ ਵਿਰੋਧੀ ਕਾਨੂੰਨਾਂ ਦਾ ਸੜਕ ਤੋਂ ਸੰਸਦ ਅਤੇ ਵਿਧਾਨ ਸਭਾ ਤੱਕ ਪੂਰੀ ਸੰਜੀਦਗੀ ਨਾਲ ਵਿਰੋਧ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਅੱਜ (ਸੋਮਵਾਰ) ਵੀ ਸੰਸਦ ਦੇ ਅੰਦਰ ਅਤੇ ਬਾਹਰ ਵਿਰੋਧ ਕਰਕੇ ਬਾਅਦ ਦੁਪਹਿਰ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਪੁੱਜੇ ਹਨ ਅਤੇ ਸ਼ਾਮ ਨੂੰ ਹੀ ਵਾਪਸ ਦਿੱਲੀ ਜਾ ਕੇ ਉਦੋਂ ਤੱਕ ਸੰਸਦ ਨਹੀਂ ਚੱਲਣ ਦੇਣਗੇ ਜਦੋਂ ਤੱਕ ਕੇਂਦਰ ਦੀ ਸਰਕਾਰ ਕਿਸਾਨ ਅਤੇ ਕਿਸਾਨੀ ਵਿਰੋਧੀ ਖੇਤੀ ਕਾਨੂੰਨ ਵਾਪਸ ਨਹੀਂ ਲੈ ਲੈਂਦੀ।

ਇੱਕ ਸਵਾਲ ਦੇ ਜਵਾਬ ‘ਚ ਮਾਨ ਨੇ ਕਿਹਾ ਕਾਂਗਰਸ ਸੰਸਦ ‘ਚ ਖੇਤੀ ਕਾਨੂੰਨਾਂ ਵਿਰੁੱਧ ਇੱਕਜੁੱਟ ਅਤੇ ਉਮੀਦ ਮੁਤਾਬਿਕ ਭੂਮਿਕਾ ਨਹੀਂ ਨਿਭਾ ਰਹੀ। ਮਾਨ ਨੇ ਮੋਦੀ ਸਰਕਾਰ ਨੂੰ ਅੱਤ ਦੀ ਹੰਕਾਰੀ ਸਰਕਾਰ ਕਰਾਰ ਦਿੰਦਿਆਂ ਕਿਹਾ ਕਿ ਇੱਕ ਹੋਰ ਬਿਜਲੀ ਸੋਧ ਬਿਲ 2021 ਲਿਆ ਕੇ ਰਾਜਾਂ ਦੇ ਅਧਿਕਾਰਾਂ ‘ਤੇ ਡਾਕਾ ਅਤੇ ਕਿਸਾਨਾਂ ਸਮੇਤ ਹੋਰ ਵਰਗਾਂ ਨੂੰ ਮਿਲਦੀ ਬਿਜਲੀ ਸਬਸਿਡੀ ਖੋਹਣ ਜਾ ਰਹੀ ਹੈ। ‘ਆਪ’ ਵੱਲੋਂ ਇਸ ਦਾ ਵੀ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਮੀਤ ਹੇਅਰ , ਪ੍ਰੋ. ਬਲਜਿੰਦਰ ਕੌਰ ਅਤੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਮੌਜੂਦ ਸਨ।

Leave a Reply

Your email address will not be published. Required fields are marked *