ਆਗਰਾ – ਉੱਤਰ ਪ੍ਰਦੇਸ਼ ਦੇ ਫਤਿਹਪੁਰ ਸੀਕਰੀ ਥਾਣੇ ਅਧੀਨ ਪੈਂਦੇ ਕੌਰਈ ਟੋਲ ਪਲਾਜ਼ਾ ਨੇੜੇ ਜੈਪੁਰ ਹਾਈਵੇਅ ‘ਤੇ ਸ਼ਨੀਵਾਰ ਸਵੇਰੇ ਇਕ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 9 ਹੋਰ ਜ਼ਖ਼ਮੀ ਹੋ ਗਏ। ਪੀੜਤ ਰਾਜਸਥਾਨ ਦੇ ਰਾਜਸਮੰਦ ਤੋਂ ਪਟਨਾ ‘ਚ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਰਾਜਸਥਾਨ ਦੇ ਰਾਜਸਮੰਦ ਜ਼ਿਲ੍ਹੇ ਦੇ ਪਿੰਡ ਸਾਰੌਢ ਦੇ ਰਹਿਣ ਵਾਲੇ ਨੈਨਾਰਾਮ ਦਾ ਵਿਆਹ ਬਿਹਾਰ ਦੇ ਪਟਨਾ ‘ਚ ਸੀ। ਨੈਨਾਰਾਮ ਦੇ ਪਰਿਵਾਰਕ ਮੈਂਬਰ ਵਿਆਹ ‘ਚ ਸ਼ਾਮਲ ਹੋਣ ਲਈ ਕਾਰ ਰਾਹੀਂ ਬਿਹਾਰ ਜਾ ਰਹੇ ਸਨ। ਗੱਡੀ ‘ਚ ਪਰਿਵਾਰ ਦੇ 11 ਮੈਂਬਰ ਅਤੇ 2 ਡਰਾਈਵਰ ਸਵਾਰ ਸਨ।
ਅੱਜ ਸਵੇਰੇ ਕਰੀਬ 6 ਵਜੇ ਗੱਡੀ ਜਿਵੇਂ ਹੀ ਆਗਰਾ ਦੇ ਫਤਿਹਪੁਰ ਸੀਕਰੀ ਸਥਿਤ ਕੌਰਾਈ ਟੋਲ ਪਲਾਜ਼ਾ ਨੇੜੇ ਪਹੁੰਚੀ। ਉਦੋਂ ਹਾਈਵੇਅ ‘ਤੇ ਅਚਾਨਕ ਓਵਰਟੇਕ ਕਰਨ ਦੀ ਕੋਸ਼ਿਸ਼ ‘ਚ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਬੇਕਾਬੂ ਹੋ ਕੇ ਦੂਜੇ ਟਰੱਕ ਨਾਲ ਜਾ ਟਕਰਾਈ। ਹਾਦਸਾ ਬਹੁਤ ਭਿਆਨਕ ਸੀ। ਜ਼ਖ਼ਮੀ ਕਾਰ ‘ਚ ਬੁਰੀ ਤਰ੍ਹਾਂ ਫਸ ਸਨ।