‘ਆਪ’ ਨੇ ਰਾਸ਼ਨ ਦੀ ਹੋਮ ਡਿਲਿਵਰੀ ਦਾ ਵਾਅਦਾ ਕੀਤਾ ਸੀ। ਇਸ ਦੇ ਉਲਟ ਨਸ਼ਾ ਤਸਕਰਾਂ ਵੱਲੋਂ ਚਿੱਟਾ ਕਥਿਤ ਤੌਰ ’ਤੇ ਨਸ਼ੇੜੀਆਂ ਦੇ ਬੂਹੇ ’ਤੇ ਪਹੁੰਚਾਇਆ ਜਾ ਰਿਹਾ ਹੈ।
ਚੰਡੀਗੜ੍ਹ – ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਦੀ ਪੰਜਾਬ ਵਿੱਚ ਤੇਜ਼ੀ ਨਾਲ ਵੱਧ ਰਹੀ ਨਸ਼ਿਆਂ ਦੀ ਦੁਰਵਰਤੋਂ ਨੂੰ ਰੋਕਣ ਦੇ ਇਰਾਦੇ ‘ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਹੈ।
ਬਾਜਵਾ ਨੇ ‘ਆਪ’ ਸਰਕਾਰ ਦੀ ਅੱਠ ਮਹੀਨੇ ਸੱਤਾ ‘ਚ ਰਹਿਣ ਦੇ ਬਾਵਜੂਦ ਨਸ਼ਾ ਤਸਕਰਾਂ ਦੀ ਧੌਣ ਤੋੜਨ ਦਾ ਪ੍ਰੋਗਰਾਮ ਉਲੀਕਣ ‘ਚ ਅਯੋਗਤਾ ਲਈ ਸਖ਼ਤ ਨਿੰਦਾ ਕੀਤੀ।
“ਕਈ ਪ੍ਰਮੁੱਖ ਅਖ਼ਬਾਰਾਂ ਸੂਬੇ ਵਿੱਚ ਪ੍ਰਚਲਿਤ ਨਸ਼ੇ ਦੇ “ਹੌਟ ਸਪਾਟ” (ਨਸ਼ਾ ਵਿਕਣ ਵਾਲਿਆਂ ਥਾਵਾਂ) ਨਾਲ ਸਬੰਧਿਤ ਖ਼ਬਰਾਂ ਛਾਪ ਰਹੇ ਹਨ, ਫਿਰ ਵੀ, ਆਮ ਆਦਮੀ ਪਾਰਟੀ ਦੀ ਸਰਕਾਰ ਅਧੀਨ ਪੁਲਿਸ ਨੇ ਇਹਨਾਂ ਰਿਪੋਰਟਾਂ ਪ੍ਰਤੀ ਅੱਖਾਂ ਬੰਦ ਕਰ ਲਈਆਂ ਹਨ ਅਤੇ ਸਰਕਾਰ ਇਹਨਾਂ ਰਿਪੋਰਟਾਂ ਦਾ ਨੋਟਿਸ ਲੈਣ ਵਿੱਚ ਅਸਫਲ ਰਹੀ ਹੈ। “, ਵਿਰੋਧੀ ਧਿਰ ਦੇ ਆਗੂ ਨੇ ਕਿਹਾ।
ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਮੀਡੀਆ ਵਿੱਚ ਨਸ਼ਿਆਂ ਨਾਲ ਸਬੰਧਿਤ ਡਰਾਉਣੇ ਵੇਰਵਿਆਂ ਨੂੰ ਦਰਸਾਇਆ ਗਿਆ ਹੈ। ਇੱਕ ਆਮ ਬਿਰਤਾਂਤ ਜੋ ਸਾਹਮਣੇ ਆਇਆ ਹੈ ਕਿ ਨਸ਼ਾ (ਚਿੱਟਾ) ਕਥਿਤ ਤੌਰ ‘ਤੇ ਸਿੱਧੇ ਨਸ਼ੇੜੀਆਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਇੱਕ ਖ਼ਬਰ ਮੁਤਾਬਿਕ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਪਲਾਸੌਰ ਦੇ ਨਿਵਾਸੀਆਂ ਨੇ ਦੋਸ਼ ਲਾਇਆ ਕਿ ਪਿੰਡ ਦਾ ਇੱਕ ਖ਼ਾਸ ਪਰਵਾਰ ਇਲਾਕੇ ਵਿੱਚ ਨਸ਼ਾ ਵੰਡਣ ਦਾ ਨੈੱਟਵਰਕ ਚਲਾ ਰਿਹਾ ਹੈ ਅਤੇ ਇਸ ਬਾਰੇ ਹਰ ਕੋਈ ਜਾਣਦਾ ਹੈ।
ਬਾਜਵਾ ਨੇ ਕਿਹਾ, “ਆਪ ਨੇ ਲਾਭਪਾਤਰੀਆਂ ਦੇ ਘਰ-ਘਰ ਰਾਸ਼ਨ ਦੀ ਸਿੱਧੀ ਡਿਲਿਵਰੀ ਕਰਨ ਦਾ ਵਾਅਦਾ ਕੀਤਾ ਸੀ। ਪਰ ਹੁਣ ‘ਆਪ’ ਸਰਕਾਰ ਦੀ ਲਾਪਰਵਾਹੀ ਕਾਰਨ ਨਸ਼ਾ (ਚਿੱਟਾ) ਕਥਿਤ ਤੌਰ ‘ਤੇ ਨਸ਼ੇੜੀਆਂ ਦੇ ਬੂਹੇ ਤੱਕ ਪਹੁੰਚਾਇਆ ਜਾ ਰਿਹਾ ਹੈ”।
ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਅਜਿਹੀ ਹੀ ਇੱਕ ਹੋਰ ਰਿਪੋਰਟ ਮੋਗਾ ਜ਼ਿਲ੍ਹੇ ਦੇ ਪਿੰਡ ਦੌਲੇਵਾਲਾ ਮੇਅਰ ਦੀ ਮਾੜੀ ਤਸਵੀਰ ਪੇਸ਼ ਕਰਦੀ ਹੈ। ਇਸ ਰਿਪੋਰਟ ਦੇ ਅਨੁਸਾਰ, ਪਿੰਡ ਕਿਸੇ ਸਮੇਂ ਨਾਜਾਇਜ਼ ਸ਼ਰਾਬ, ਭੁੱਕੀ ਅਤੇ ਅਫ਼ੀਮ ਦੀ ਤਸਕਰੀ ਲਈ ਬਦਨਾਮ ਸੀ ਪਰ ਪਿਛਲੇ ਕੁੱਝ ਦਹਾਕਿਆਂ ਤੋਂ, ਇਹ ਹੈਰੋਇਨ, ਸਮੈਕ ਅਤੇ ਸਿੰਥੈਟਿਕ ਨਸ਼ਿਆਂ ਦੀ ਵਿੱਕਰੀ ਲਈ ਇੱਕ ਹੌਟਸਪੌਟ ਬਣ ਗਿਆ ਹੈ।
ਪਿੰਡ ਦੇ ਸਰਪੰਚ ਨੇ ਅਖ਼ਬਾਰੀ ਰਿਪੋਰਟ ਵਿੱਚ ਕਿਹਾ ਕਿ ਸਥਾਨਕ ਵਾਸੀ ਨਸ਼ੇ ਦਾ ਕਾਰੋਬਾਰ ਛੱਡਣਾ ਚਾਹੁੰਦੇ ਹਨ, ਪਰ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਸਥਾਨਕ ਪੁਲਿਸ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਗੰਭੀਰ ਅਤੇ ਸੰਵੇਦਨਸ਼ੀਲ ਹੈ।
“ਇਸ ਦਾ ਮਤਲਬ ਹੈ ਕਿ ‘ਆਪ’ ਸਰਕਾਰ ਕੋਲ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਬਿਹਤਰ ਜੀਵਨ ਲਈ ਪ੍ਰੇਰਿਤ ਕਰਨ ਲਈ ਕੋਈ ਯੋਜਨਾ ਜਾਂ ਪੁਨਰਵਾਸ ਪ੍ਰੋਗਰਾਮ ਨਹੀਂ ਹੈ। ਹਾਲਾਂਕਿ, ਫਰਵਰੀ 2022 ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ‘ਆਪ’ ਦੇ ਕਰਤਾ ਧਰਤਾ, ਅਰਵਿੰਦ ਕੇਜਰੀਵਾਲ ਨੇ ਨਸ਼ਿਆਂ ਦੀ ਸਮੱਸਿਆ ਨੂੰ ਸਰਕਾਰ ਬਣਨ ਦੇ ਚਾਰ ਮਹੀਨੇ ਦੇ ਅੰਦਰ ਅੰਦਰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ”, ਬਾਜਵਾ ਨੇ ਕਿਹਾ।