ਜਲੰਧਰ- ਗੁਜਰਾਤ ਚੋਣਾਂ ’ਚ ਆਪਣਾ ਜੇਤੂ ਰੱਥ ਲੈ ਕੇ ਅੱਗੇ ਵਧ ਰਹੀ ਆਮ ਆਦਮੀ ਪਾਰਟੀ ਅੱਜ ਗੁਜਰਾਤ ਵਾਸੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਗੁਜਰਾਤ ਸੂਬੇ ਦੇ ਸਹਿ-ਇੰਚਾਰਜ ਰਾਘਵ ਚੱਢਾ ਕਈ ਦਿਨਾਂ ਤੋਂ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿਚ ਵੱਡੀਆਂ ਜਨਸਭਾਵਾਂ ਤੇ ਰੈਲੀਆਂ ਕਰ ਰਹੇ ਹਨ। ਰਾਘਵ ਚੱਢਾ ਨੇ ਬਨਾਸਕਾਂਠਾ ਦੇ ਕਾਂਕਰੇਜ ਤੇ ਪਾਟਣ ’ਚ ਵੱਡੀਆਂ ਜਨਸਭਾਵਾਂ ’ਚ ਹਿੱਸਾ ਲਿਆ। ਇਨ੍ਹਾਂ ਜਨਸਭਾਵਾਂ ’ਚ ਹਜ਼ਾਰਾਂ ਦੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ’ਚ 15 ਸਾਲਾਂ ਤਕ ਕਾਂਗਰਸ ਪਾਰਟੀ ਸੱਤਾ ’ਚ ਰਹੀ ਹੈ ਪਰ ਦਿੱਲੀ ਵਾਸੀਆਂ ਨੇ ਮਨ ਬਣਾ ਲਿਆ ਅਤੇ ਦਿੱਲੀ ’ਚੋਂ ਮਜ਼ਬੂਤ ਕਾਂਗਰਸ ਪਾਰਟੀ ਨੂੰ ਉਖਾੜ ਸੁੱਟਿਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ।
ਇਸੇ ਤਰ੍ਹਾਂ ਪੰਜਾਬ ’ਚ ਵੀ 50 ਸਾਲ ਸਿਰਫ਼ 2 ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਨੇ ਰਾਜ ਕੀਤਾ। ਪੰਜਾਬ ਦੇ ਲੋਕਾਂ ਨੇ ਵੀ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਉਖਾੜ ਸੁੱਟਿਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਹੈ। ਗੁਜਰਾਤ ’ਚ 35 ਸਾਲ ਕਾਂਗਰਸ ਪਾਰਟੀ ਦਾ ਅਤੇ 27 ਸਾਲ ਭਾਜਪਾ ਦਾ ਰਾਜ ਰਿਹਾ ਪਰ ਇਨ੍ਹਾਂ ਸਰਕਾਰਾਂ ਨੇ ਆਮ ਲੋਕਾਂ, ਗਰੀਬਾਂ ਤੇ ਕਿਸਾਨਾਂ ਨੂੰ ਕੁਝ ਨਹੀਂ ਦਿੱਤਾ। ਮੇਰੀ ਬੇਨਤੀ ਹੈ ਕਿ ਗੁਜਰਾਤ ਦੀ ਜਨਤਾ ਸਿਰਫ ਇਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਦੇਖੇ।