ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਵਲੋਂ 5 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਅਧਿਕਾਰ ਹਨਨ ਮਾਮਲੇ ‘ਚ ਆਪਣੇ ਪੱਖ ਰੱਖਣ ਲਈ ਤਲਬ ਕੀਤਾ ਗਿਆ ਸੀ। ਮੰਗਲਵਾਰ ਨੂੰ ਹੋਈ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਦੀ ਬੈਠਕ ਦੌਰਾਨ ਸੰਗਰੂਰ, ਤਰਨਤਾਰਨ ਅਤੇ ਐੱਸ. ਬੀ. ਐੱਸ. ਨਗਰ ਦੇ ਡਿਪਟੀ ਕਮਿਸ਼ਨਰ ਕਮੇਟੀ ਦੇ ਸਾਹਮਣੇ ਪੇਸ਼ ਹੋਏ, ਜਦੋਂ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਵੱਲੋਂ ਕਮੇਟੀ ਚੇਅਰਮੈਨ ਨੂੰ ਪੱਤਰ ਭੇਜ ਕੇ ਪੇਸ਼ ਹੋਣ ਤੋਂ ਛੋਟ ਹਾਸਲ ਕੀਤੀ ਗਈ ਸੀ। ਇਸ ਦੇ ਨਾਲ ਹੀ ਮੋਹਾਲੀ ਦੇ ਡਿਪਟੀ ਕਮਿਸ਼ਨਰ ਨੇ ਕਮੇਟੀ ਦਾ ਨੋਟਿਸ ਨਾਂ ਮਿਲਣ ਦੀ ਗੱਲ ਕਹੀ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਹਨਨ ਕਮੇਟੀ ਨੂੰ ਕਈ ਵਿਧਾਇਕਾਂ ਵੱਲੋਂ ਇਸ ਸਬੰਧੀ ਸ਼ਿਕਾਇਤ ਕੀਤੀ ਗਈ ਸੀ ਕਿ ਅਗਸਤ ਮਹੀਨੇ ਦੌਰਾਨ ਰਾਜ ਭਰ ‘ਚ ਆਯੋਜਿਤ ਹੋਏ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਦੌਰਾਨ ਸਬੰਧਿਤ ਜ਼ਿਲ੍ਹਿਆਂ ਦੇ ਵਿਧਾਇਕਾਂ ਦੀ ਪ੍ਰੋਟੋਕਾਲ ਮੁਤਾਬਕ ਸ਼ਾਨ ਬਹਾਲ ਨਹੀਂ ਰੱਖੀ ਗਈ। ਉਨ੍ਹਾਂ ਨੂੰ ਪ੍ਰੋਟੋਕਾਲ ਮੁਤਾਬਕ ਬਿਠਾਉਣ ਦੀ ਬਜਾਏ ਸਬੰਧਿਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਿਧਾਇਕਾਂ ਤੋਂ ਜ਼ਿਆਦਾ ਅਹਿਮੀਅਤ ਦਿੱਤੀ ਗਈ ਸੀ।
ਕਮੇਟੀ ਵਲੋਂ ਇਸ ਸਬੰਧੀ ਪੱਤਰ ਵਿਹਾਰ ਕੀਤਾ ਤੇ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪ੍ਰੋਟੋਕਾਲ ਦਾ ਪਾਲਣ ਨਾ ਕੀਤੇ ਜਾਣ ਸਬੰਧੀ ਪੱਖ ਰੱਖਣ ਲਈ ਤਲਬ ਕੀਤਾ ਗਿਆ। ਪਤਾ ਲੱਗਿਆ ਹੈ ਕਿ ਕਮੇਟੀ ਦੇ ਸਾਹਮਣੇ ਪੇਸ਼ ਹੋਏ ਡਿਪਟੀ ਕਮਿਸ਼ਨਰਾਂ ਵਲੋਂ ਗਲਤੀ ਮੰਨਦਿਆਂ ਅੱਗੇ ਤੋਂ ਪ੍ਰੋਟੋਕਾਲ ਦਾ ਪਾਲਣ ਕਰਨ ਦੀ ਗੱਲ ਕਹੀ ਗਈ ਹੈ।