ਕੇਜਰੀਵਾਲ ਵੱਲੋਂ ਕਰੰਸੀ ਨੋਟਾਂ ਬਾਰੇ ਦਿੱਤਾ ਬਿਆਨ ਦੇਸ਼ ਵਿਚ ਫ਼ਿਰਕੂ ਸਦਭਾਵਨਾ ਭੰਗ ਕਰਨ ਵਾਲਾ : ਬਿਕਰਮ ਸਿੰਘ ਮਜੀਠੀਆ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਛਪਵਾਉਣ ਦੀ ਮੰਗ ਕਰ ਕੇ ਭਾਰਤੀ ਰਾਜਨੀਤੀ ਦਾ ਫਿਰਕੂਕਰਨ ਕਰਨ ਤੋਂ ਗੁਰੇਜ਼ ਕਰਨ ਅਤੇ ਜ਼ੋਰ ਦੇ ਕੇ ਆਖਿਆ ਕਿ ਅਜਿਹੇ ਗੈਰ ਜ਼ਿੰਮੇਵਾਰਾਨਾ ਬਿਆਨ ਦੇਸ਼ ਵਿਚ ਫ਼ਿਰਕੂ ਸਦਭਾਵਨਾ ਨੂੰ ਸੱਟ ਮਾਰਨਗੇ।

ਇੱਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਇਕ ਆਈ ਆਈ ਟੀ ਗਰੈਜੂਏਟ ਇੰਨਾ ਹੇਠਾਂ ਡਿੱਗ ਗਿਆ ਹੈ ਕਿ ਸਿਆਸੀ ਲਾਹਾ ਲੈਣ ਵਾਸਤੇ ਫ਼ਿਰਕੂ ਮੰਗ ਰੱਖ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਕੋਈ ਵੀ ਪੜ੍ਹਿਆ ਲਿਖਿਆ ਵਿਅਕਤੀ ਇਹ ਸਮਝਦਾ ਹੈ ਕਿ ਹਿੰਦੂ ਦੇਵੀ ਦੇਵਤਿਆਂ ਦੀ ਤਸਵੀਰ ਭਾਰਤੀ ਕਰੰਸੀ ’ਤੇ ਛਪਵਾਉਣ ਨਾਲ ਭਾਰਤੀ ਅਰਥਚਾਰੇ ਵਿਚ ਕੋਈ ਸੁਧਾਰ ਹੋਣ ਵਾਲਾ ਨਹੀਂ ਹੈ। ਉਹਨਾਂ ਕਿਹਾ ਕਿ ਕਿਉਂਕਿ ਸ੍ਰੀ ਕੇਜਰੀਵਾਲ ਨੇ ਇਹ ਬਿਆਨ ਦਿੱਤਾ ਹੈ ਇਸ ਤੋਂ ਸਪਸ਼ਟ ਹੈ ਕਿ ਉਹ ਸੌੜੇ ਸਿਆਸੀ ਹਿੱਤਾਂ ਵਾਸਤੇ ਦੇਸ਼ ਦਾ ਸਮਾਜਿਕ ਸਰੂਪ ਤਹਿਸ ਨਹਿਸ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਪੂਜਣਯੋਗ ਹਨ ਤੇ ਇਹ ਪਵਿੱਤਰ ਥਾਵਾਂ ’ਤੇ ਰੱਖੀਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਜੇਕਰ ਇਹ ਮੀਟ ਦੀਆਂ ਦੁਕਾਨਾਂ ਤੇ ਸ਼ਰਾਬ ਦੀਆਂ ਦੁਕਾਨਾਂ ’ਤੇ ਰੱਖੀਆਂ ਗਈਆਂ ਤਾਂ ਇਸ ਨਾਲ ਬੇਚੈਨੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਇਹਨਾਂ ਤਸਵੀਰਾਂ ਨਾਲ ਦੇਵੀ ਦੇਵਤਿਆਂ ਦੀ ਅਜਿਹੀਆਂ ਥਾਵਾਂ ’ਤੇ ਬੇਅਦਬੀ ਵੀ ਹੋ ਸਕਦੀ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦਾ ਬਿਆਨ ਦੇਸ਼ ਦੇ ਧਰਮ ਨਿਰਪੱਖ ਸਰੂਪ ਦੇ ਖਿਲਾਫ ਹੈ। ਉਹਨਾਂ ਕਿਹਾ ਕਿ ਭਾਰਤ ਇਕ ਬਹੁ ਸਭਿਆਚਾਰ ਵਾਲਾ ਤੇ ਬਹੁ ਭਾਸ਼ਾਈ ਮੁਲਕ ਹੈ ਤੇ ਦੇਸ਼ ਦੇ ਸੰਵਿਧਾਨ ਦਾ ਸਾਰੇ ਧਰਮ ਤੇ ਸਭਿਆਚਾਰ ਸਨਮਾਨ ਕਰਦੇ ਹਨ। ਉਹਨਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਕਿਸੇ ਨੂੰ ਵੀ ਧਰਮ ਦੇ ਨਾਂ ’ਤੇ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ਾਂ ਨਹੀਂ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਬਹੁਤ ਹੀ ਗੈਰ ਕਾਨੂੰਨੀ ਵੀ ਹੈ ਕਿਉਂਕਿ ਬਿਆਨ ਰਾਹੀਂ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਭਾਜਪਾ ਨਾਲ ਮੁਕਾਬਲਾ ਕਰਨ ਦੀ ਮਨਸ਼ਾ ਵੀ ਜ਼ਾਹਰ ਹੋ ਰਹੀ ਹੈ।

ਸਾਬਕਾ ਮੰਤਰੀ ਨੇ ਕਿਹਾ ਕਿ ਇਹ ਉਹ ਬਦਲਾਅ ਨਹੀਂ ਹੈ ਜਿਸਦਾ ਵਾਅਦਾ ਦੇਸ਼ ਤੇ ਪੰਜਾਬੀਆਂ ਨਾਲ ਆਪ ਨੇ ਕੀਤਾ ਸੀ। ਵਾਹਨਾਂ ਕਿਹਾ ਕਿ ਇੱਥੇ ਗੱਲ ਆਪ ਦੇ ਇਰਾਦਿਆਂ ਦੀ ਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਆਪ ਤੇ ਇਸਦੇ ਕਨਵੀਨਰ ਅਰਵਿੰਦ ਕੇਜਰੀਵਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦਾ ਕੋਈ ਇਰਾਦਾ ਨਹੀਂ ਰੱਖਦੇ।

ਉਹਨਾਂ ਕਿਹਾ ਕਿ ਅਸੀਂ ਇਹ ਪੰਜਾਬ ਵਿਚ ਵੇਖਿਆ ਹੈ ਜਿਥੇ ਕਿਸਾਨਾਂ, ਮੁਲਾਜ਼ਮਾਂ ਤੇ ਨੌਜਵਾਨਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਗਏ ਪਰ ਦਿੱਤਾ ਕੁਝ ਨਹੀਂ ਗਿਆ। ਉਹਨਾਂ ਕਿਹਾ ਕਿ ਇਹ ਵੀ ਸੱਚਾਈ ਹੈ ਕਿ ਦਿੱਲੀ ਮਾਡਲ ਸਮੇਤ ਆਪ ਦੇ ਸਾਰੇ ਮਾਡਲ ਨਿਰਪੱਖ ਸਰਵੇਖਣਾਂ ਵਿਚ ਲੀਰੋਂ ਲੀਰ ਹੋ ਗਏ ਹਨ ਤੇ ਇਸੇ ਕਾਰਨ ਹੁਣ ਸ੍ਰੀ ਕੇਜਰੀਵਾਲ ਧਰਮ ਵਾਲੇ ਪਾਸੇ ਹੋ ਗਏ ਹਨ ਤਾਂ ਜੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਲਾਹਾ ਲਿਆ ਜਾ ਸਕੇ।

ਸਰਦਾਰ ਮਜੀਠੀਆ ਨੇ ਆਪ ਦੇ ਕਨਵੀਨਰ ਨੂੰ ਸਲਾਹ ਦਿੱਤੀ ਕਿ ਉਹ ਜੋ ਪ੍ਰਚਾਰ ਕਰਦੇ ਹਨ, ਉਸ ’ਤੇ ਡੱਟਣ ਦੀ ਕੋਸ਼ਿਸ਼ਾਂ ਕਰਨ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਕਰੰਸੀ ਨੋਟਾਂ ’ਤੇ ਦੇਵੀ ਦੇਵਤਿਆਂ ਦੀ ਤਸਵੀਰ ਛਪਵਾਉਣ ਦੀ ਮੰਗ ਕਰ ਕੇ ਆਪਣੇ ਆਪ ਨੂੰ ਕੱਟੜ ਹਿੰਦੂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ ਪਰ ਉਹਨਾਂ ਨੂੰ ਆਪਣੇ ਚੁਣੇ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਰਾਬੀ ਹੋਣ ’ਤੇ ਕੋਈ ਅਫ਼ਸੋਸ ਨਹੀਂ ਹੈ। ਉਹਨਾਂ ਕਿਹਾ ਕਿ ਚੰਗਾ ਹੁੰਦਾ ਜੇਕਰ ਸ੍ਰੀ ਕੇਜਰੀਵਾਲ ਜਨਤਕ ਜੀਵਨ ਵਿਚ ਆਪਣੇ ਕਹੇ ’ਤੇ ਖਰਾ ਉਤਰਦੇ ਅਤੇ ਪੰਜਾਬ ਵਿਚ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਸਮਾਜਿਕ ਤੇ ਨੈਤਿਕ ਤੌਰ ’ਤੇ ਆਪਣੇ ਗੁਨਾਹਾਂ ਲਈ ਜ਼ਿੰਮੇਵਾਰ ਬਣਾਉਂਦੇ ਤੇ ਉਹਨਾਂ ਦੇ ਭ੍ਰਿਸ਼ਟਾਚਾਰ ਲਈ ਵੀ ਉਹਨਾਂ ਨੂੰ ਨਕੇਲ ਪਾਉਂਦੇ ਤੇ ਨੈਤਿਕ ਕਦਰਾਂ ਕੀਮਤਾਂ ਵੀ ਸਿਖਾਉਂਦੇ।

Leave a Reply

Your email address will not be published. Required fields are marked *