ਵਿਜੀਲੈਂਸ ਨੇ ਸਹਿਕਾਰੀ ਬੈਂਕ ਨਾਲ 9 ਲੱਖ ਰੁਪਏ ਦੀ ਧੋਖਾਧੜੀ ਕਰਨ ਵਾਲੇ ਪ੍ਰਾਈਵੇਟ ਵਿਅਕਤੀ ਨੂੰ ਕੀਤਾ ਗ੍ਰਿਫਤਾਰ
ਚੰਡੀਗੜ੍ਹ –
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਇੱਕ ਪ੍ਰਾਈਵੇਟ ਵਿਅਕਤੀ ਜਗਜੀਤ ਸਿੰਘ ਵਾਸੀ ਪਿੰਡ ਧੂਲਕਾ, ਜ਼ਿਲ੍ਹਾ ਅੰਮ੍ਰਿਤਸਰ ਨੂੰ ਬੈਂਕ ਮੁਲਾਜ਼ਮਾਂ ਦੀ ਮਿਲੀਭੁਗਤ ਨਾਲ ਕੇਂਦਰੀ ਸਹਿਕਾਰੀ ਬੈਂਕ ਤਰਸਿੱਕਾ ਵਿੱਚ 9,75,771 ਰੁਪਏ ਦਾ ਗਬਨ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੇ ਬੈਂਕ ਮੈਨੇਜਰ ਰਾਕੇਸ਼ ਕੁਮਾਰ, ਕੈਸ਼ੀਅਰ ਰਾਮ ਕਿਸ਼ੋਰ ਅਤੇ ਸਕੱਤਰ ਕੁਲਵੰਤ ਸਿੰਘ ਨਾਲ ਮਿਲੀਭੁਗਤ ਕਰਕੇ ਉਕਤ ਰਕਮ ਉਸ ਦੇ ਹੋਰ ਬੈਂਕਾਂ ਵਿਚਲੇ ਨਿੱਜੀ ਖਾਤਿਆਂ ਵਿੱਚ ਤਬਦੀਲ ਕਰਨ ਉਪਰੰਤ ਕਢਵਾ ਲਈ ਜਦਕਿ ਸਹਿਕਾਰੀ ਬੈਂਕ ਕਿਸਾਨ ਕ੍ਰੈਡਿਟ ਕਾਰਡ ਦੇ ਆਫ-ਲਾਈਨ ਖਾਤੇ ਤੋਂ ਅਜਿਹੀ ਰਕਮ ਦੂਜੇ ਬੈਂਕਾਂ ਦੇ ਖਾਤਿਆਂ ਵਿੱਚ ਤਬਦੀਲ ਨਹੀਂ ਕਰ ਸਕਦਾ।
ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਤਫ਼ਤੀਸ਼ ਦੌਰਾਨ ਇਹ ਪਾਇਆ ਗਿਆ ਕਿ ਉਪਰੋਕਤ ਮੁਲਜਮ ਬੈਂਕ ਅਧਿਕਾਰੀਆਂ ਨੇ ਦੋਸ਼ੀ ਜਗਜੀਤ ਸਿੰਘ ਨਾਲ ਮਿਲੀਭੁਗਤ ਕਰਕੇ 51,94,900 ਰੁਪਏ ਗਹਿਰੀ ਮੰਡੀ, ਅੰਮ੍ਰਿਤਸਰ ਜ਼ਿਲ੍ਹੇ ਦੇ ਹੋਰ ਬੈਂਕਾਂ ਵਿੱਚ ਟਰਾਂਸਫਰ ਕੀਤੇ ਸਨ।
ਇਸ ਮਾਮਲੇ ਵਿੱਚ ਸੱਤ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਨੇ ਉਪਰੋਕਤ ਬੈਂਕ ਵਿੱਚ 24 ਕਰੋੜ ਰੁਪਏ ਦੀ ਅਜਿਹੀ ਧੋਖਾਧੜੀ ਕੀਤੀ ਹੈ। ਇਸ ਸਬੰਧੀ ਆਈਪੀਸੀ ਦੀ ਧਾਰਾ 420, 409, 419, 465, 467, 468, 471, 477-ਏ, 120-ਬੀ, ਆਈ.ਟੀ. ਐਕਟ ਦੀ ਧਾਰਾ 43-ਏ, 43 (ਆਈ), 66, 66-ਡੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀ ਧਾਰਾ 7 ਤੇ 13 ਤਹਿਤ ਪਹਿਲਾਂ ਹੀ ਮਾਮਲਾ ਦਰਜ ਕੀਤਾ ਜਾ ਚੁੱਕਾ ਹੈ।