ਚੰਡੀਗੜ੍ਹ, 17 ਅਕਤੂਬਰ- ਸੂਬੇ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਲ 2024 ਤੱਕ ਸੂਬੇ ਨੂੰ ਮਲੇਰੀਆ ਮੁਕਤ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਸਿਹਤ ਖੇਤਰ ‘ਚ ਜੰਗੀ ਪੱਧਰ ‘ਤੇ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ‘ਚ ਦੱਸ ਜ਼ਿਲ੍ਹੇ ਡੇਂਗੂ ਮੁਕਤ ਬਣਾ ਦਿੱਤੇ ਗਏ ਹਨ ਅਤੇ ਹੋਰਨਾਂ ਜ਼ਿਲ੍ਹਿਆਂ ‘ਚ ਡੇਂਗੂ ਦੇ ਕੇਸ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਘੱਟ ਹਨ।
ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਖ਼ੇਤਰ ‘ਚ ਨਿਵੇਸ਼ ਕਰਨ ਲਈ ਗ਼ੈਰ-ਪ੍ਰਵਾਸੀ ਭਾਰਤੀਆਂ ਸਮੇਤ ਪੰਜਾਬ ਦੇ ਲੋਕ ਵੀ ਸਰਕਾਰ ਨਾਲ ਸੰਪਰਕ ਕਰ ਰਹੇ ਹਨ, ਜਿਸ ਦੇ ਚੱਲਦਿਆਂ ਸਰਕਾਰ ਇਸ ਸੰਬੰਧੀ ਇਕ ਟਰੱਸਟ ਬਣਾਉਣ ਜਾ ਰਹੀ ਹੈ, ਜਿਸ ਵਿਚ ਲੋਕ ਮਦਦ ਲਈ ਫ਼ੰਡ ਦੇ ਸਕਣਗੇ।