ਸੰਗਰੂਰ, 19 ਜੁਲਾਈ (ਦਲਜੀਤ ਸਿੰਘ)- ਪੰਜਾਬੀ ਸਾਹਿਤ ਸਭਾ ਸੰਗਰੂਰ ਵੱਲੋਂ ਕਰਵਾਏ ਗਏ ਸਾਹਿਤਕ ਸੈਮੀਨਾਰ ਵਿੱਚ ਡਾ. ਸਵਰਾਜ ਸਿੰਘ ਪ੍ਰਸਿੱਧ ਵਿਸ਼ਵ ਚਿੰਤਕ ਅਤੇ ਪ੍ਰਧਾਨ ਗੁਰਮਤਿ ਲੋਕਧਾਰਾ ਵਿਚਾਰ ਮੰਚ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਸਾਡੀ ਨੌਜੁਆਨ ਪੀੜ੍ਹੀ ਕੇਸ ਰਹਿਤ ਅਤੇ ਪੱਗ ਰਹਿਤ ਹੋ ਰਹੀ ਹੈ। ਅਸੀਂ ਆਪਣੀ ਵਿਰਾਸਤ ਤੋਂ ਦੂਰ ਹੁੰਦੇ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਦੇ ਸਿੱਖੀ ਗੁਰਮਤ ਸਿਧਾਂਤ ਨੂੰ ਫਿਰਕੂ ਰੰਗਤ ਦੇ ਕੇ ਸਿੱਖੀ ਸਰੂਪ ਨੂੰ ਖਤਮ ਕਰਨ ਦੀ ਵੱਡੀ ਸਾਜਿਸ਼ ਭੋਗਵਾਦੀ ਆਧਾਰਾਂ ਵਾਲੀ ਸਰਮਾਏਦਾਰੀ ਕਰ ਰਹੀ ਹੈ। ਪੱਗ ਕਿਸੇ ਵਿਅਕਤੀ, ਕੌਮ, ਦੇਸ਼ ਦੀ ਅਣ ਅਤੇ ਸ਼ਾਨ ਦਾ ਪ੍ਰਤੀਕ ਹੈ। ਅੱਜ ਪੰਜਾਬ ਆਪਣੀ ਪੱਗ ਦੀ ਜਗਿਆਸੂ ਪਹਿਚਾਣ ਲਈ ਜੱਦੋ ਜਹਿਦ ਕਰ ਰਿਹਾ ਹੈ।ਉਨ੍ਹਾਂ ਹੋਰ ਕਿਹਾ ਕਿ ਪੰਜਾਬ ਮੁਕੰਮਲ ਬਰਬਾਦੀ ਵੱਲ ਵਧ ਰਿਹਾ ਹੈ। ਪੰਜਾਹ ਪ੍ਰਤੀਸ਼ਤ ਬਰਬਾਦੀ ਲਈ ਹਰਾ ਇਨਕਲਾਬ ਅਤੇ ਪੰਜਾਹ ਪ੍ਰਤੀਸ਼ਤ ਲਈ ਪ੍ਰਵਾਸ ਜਿੰਮੇਵਾਰ ਹੈ। ਪ੍ਰੋ. ਸ਼ੇਰ ਸਿੰਘ ਕੰਵਲ ਨੇ ਖੇਸ ਦੀ ਬੁੱਕ ਵਿੱਚ ਪੰਜਾਬੀ ਦੇ ਸੰਦਰਭਾਂ ਦੀ ਸੂਖਮ ਬਾਤ ਪਾਈ ਹੈ।
ਸਭਾ ਵੱਲੋਂ ਸੱਭਿਆਚਾਰਕ ਪਰਵਾਸ ਦੇ ਵਿਸ਼ੇ ਉਤੇ ਚਰਚਾ ਕਰਵਾਈ ਗਈ। ਸੇਮੀਨਾਰ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਡਾ. ਸਵਰਾਜ ਸਿੰਘ, ਡਾ. ਭਗਵੰਤ ਸਿੰਘ, ਸਵਾਮੀ ਆਨੰਦ ਮਣਤਵ, ਡਾ. ਚਰਨਜੀਤ ਉਡਾਰੀ ਅਤੇ ਡਾ. ਨਰਵਿੰਦਰ ਸਿੰਘ ਕੌਸ਼ਲ ਸ਼ਾਮਲ ਹੋਏ। ਵਿਚਾਰ ਚਰਚਾ ਦਾ ਆਰੰਭ ਕਰਦਿਆਂ ਡਾ. ਭਗਵੰਤ ਸਿੰਘ ਨੇ ਸ਼ੇਰ ਸਿੰਘ ਕੰਵਲ ਦੀ ਕਾਵਿ ਪੁਸਤਕ “ਖੇਸ ਦੀ ਬੁੱਕਲ** ਦੇ ਹਵਾਲੇ ਨਾਲ ਕਿਹਾ ਕਿ ਪਰਵਾਸ ਕਰ ਰਹੇ ਪੰਜਾਬੀ ਅਮਰੀਕਾ, ਕੈਨੇਡਾ ਇੰਗਲੈਂਡ, ਆਸਟਰੇਲੀਆ ਪਹੁੰਚ ਕੇ ਸੱਭਿਆਚਾਰਕ ਪ੍ਰਵਾਸ ਦਾ ਰੁਦਨ ਭੋਗ ਰਹੇ ਹਨ। ਡਾ. ਨਰਵਿੰਦਰ ਸਿੰਘ ਕੌਸ਼ਲ ਨੇ ਕਿਹਾ ਕਿ ਪਰਵਾਸੀਆਂ ਦਾ ਜਦੋਂ ਉਨ੍ਹਾਂ ਮੁਲਕਾਂ ਵਿੱਚ ਪਹੁੰਚ ਆਪਣੇ ਕਾਲਪਨਿਕ ਸਵਰਗ ਦਾ ਵਹਿਮ ਟੁੱਟਦਾ ਹੈ ਤਾਂ ਉਹ ਵਾਪਸ ਪੰਜਾਬ ਆਉਣਾ ਚਾਹੁੰਦੇ ਹੋਏ ਵੀ ਵਾਪਸ ਨਹੀਂ ਆ ਸਕਦੇ, ਕਿਉਂਕਿ ਉਨ੍ਹਾਂ ਦੀਆਂ ਪਤਨੀਆਂ ਉਥੋਂ ਭੋਗੀ ਵਿਵਹਾਰ ਦਾ ਸ਼ਿਕਾਰ ਹੋ ਗਈਆਂ ਹਨ। ਉਨ੍ਹਾਂ ਖੇਸ ਦੀ ਬੁੱਕ ਦੇ ਕਾਵਿ ਪੈਟਰਲ ਦੀ ਸ਼ਲਾਘਾ ਕੀਤੀ।
ਬਹਿਸ ਵਿੱਚ ਚਰਨਜੀਤ ਉਡਾਰੀ, ਗੁਰਨਾਮ ਸਿੰਘ, ਅਮਰ ਗਰਗ ਕਲਮਦਾਨ, ਕੁਲਵੰਤ ਕਸਕ, ਡਾ. ਰਾਕੇਸ਼ ਸ਼ਰਮਾ, ਅਮਰੀਕ ਗਾਗਾ, ਅੰਮ੍ਰਿਤਪਾਲ ਸਿੰਘ, ਜਗਦੀਪ ਸਿੰਘ ਨੇ ਆਪਣੇ ਵਿਚਾਰ ਰੱਖੇ। ਸਾਰੀ ਬਹਿਸ ਨੂੰ ਸਮੇਟਦਿਆਂ ਡਾ. ਤੇਜਵੰਤ ਮਾਨ ਨੇ ਕਿਹਾ ਕਿ ਸੱਭਿਆਚਾਰ ਅਤੇ ਸੱਭਿਅਤਾ ਸਮ—ਅਰਥੀ ਸੰਕਲਪ ਨਹੀਂ ਹਨ। ਸੱਭਿਆਚਾਰ ਲੋਕ ਸਿਰਜਨਾ ਦਾ ਉਸਾਰ ਹੈ ਜਦਕਿ ਸੱਭਿਅਤਾ* ਸਟੇਟ ਡਸਿਪਲਨ ਦਾ ਉਤਪਾਦਕੀ ਸੰਕਲਪ ਹੈ। ਕੋਈ ਵੀ ਸਟੇਟ ਸਭਿਅਤਾ ਲੋਕ ਸੱਭਿਆਚਾਰਾਂ ਦੀ ਬਰਬਾਦੀ ਕਰਕੇ ਇੱਕ—ਬਚਨੀ ਡਿਕਟੇਟਰਸ਼ਿਪ ਦਾ ਪ੍ਰਸਾਰ ਅਤੇ ਪ੍ਰਚਾਰ ਕਰਦੀ ਹੈ। ਖੇਸ ਦੀ ਬੁੱਕਲ ਪੰਜਾਬੀ ਦੀ ਬਿਹਤਰੀਨ ਕਾਵਿ ਪੁਸਤਕ ਹੈ। ਇਸ ਮੌਕੇ ਉਤੇ ‘ਖੇਸ ਦੀ ਬੁੱਕਲ* ਕਰਤਾ ਸ਼ੇਰ ਸਿੰਘ ਕੰਵਲ ਲੋਕ ਅਰਪਨ ਕੀਤੀ ਗਈ ਅਤੇ ‘ਅਧਿਆਤਮਕ ਬੌਧਿਕ ਮੰਥਨ* ਦੇ ਕਰਤਾ ਸਵਾਮੀ ਆਨੰਦ ਗਣਤਵ ਨੇ ਆਪਣੀ ਪੁਸਤ ਵਿਦਵਾਨਾਂ ਨੂੰ ਭੇਂਟ ਕੀਤੀ। ਉਪਰੰਤ ‘ਪੱਗ ਦੀ ਸੰਭਾਲ* ਦੇ ਵਿਸ਼ੇ ਨੂੰ ਲੈ ਕੇ ਵਿਸ਼ਾਲ ਕਵੀ ਦਰਬਾਰ ਹੋਇਆ, ਜਿਸ ਵਿੱਚ ਸਰਵ ਸ਼੍ਰੀ ਜ਼ਸਵੰਤ ਸਿੰਘ ਅਸਮਾਨੀ, ਕੁਲਵੰਤ ਕਸਕ, ਮੀਤ ਸਕਰੌਦੀ, ਦੇਸ ਭੂਸ਼ਨ, ਨਾਹਰ ਸਿੰਘ ਮੁਬਾਰਕਪੁਰੀ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਚਰਨ ਢੀਂਡਸਾ, ਬਿਰਜਮੋਹਨ, ਪ੍ਰਭ ਸਿੰਘ, ਅਮਰੀਕ ਗਾਗਾ, ਚਮਕੌਰ ਸਿੰਘ, ਚਰਨਜੀਤ ਉਡਾਰੀ ਆਦਿ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਗੁਰਨਾਮ ਸਿੰਘ ਕੰਵਲ ਦੇ ਗੀਤ ਦਾ ਗਾਇਨ ਕੀਤਾ। ਨਾਹਰ ਸਿੰਘ ਮੁਬਾਰਕੁਪਰੀ ਨੇ ਆਪਣੀਆਂ ਪੁਸਤਕਾਂ ਸਭਾ ਨੂੰ ਭੇਂਟ ਕੀਤੀਆਂ।