ਹੁਸ਼ਿਆਰਪੁਰ- ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਵਿਵਾਦਾਂ ’ਚ ਘਿਰੇ ਬਾਦਲ ਪਰਿਵਾਰ ਦੀਆਂ ਮੁਸ਼ਕਿਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਹਨ। ਅੱਜ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਇਕ ਵਾਰ ਫਿਰ ਹੁਸ਼ਿਆਰਪੁਰ ਦੀ ਜ਼ਿਲ੍ਹਾ ਅਦਾਲਤ ਵਿਚ ਪੇਸ਼ੀ ’ਤੇ ਪਹੁੰਚੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਚੱਲ ਰਿਹਾ ਹੈ, ਇਸ ਲਈ ਉਹ ਇਸ ਮਸਲੇ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਪੰਜਾਬ ਦੇ ਮੌਜੂਦਾ ਹਾਲਾਤ ’ਤੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਹਰ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਬੀਤੇ ਦਿਨੀਂ ਤਰਨਤਾਰਨ ਸਥਿਤ ਚਰਚ ਵਿਚ ਬੇਅਦਬੀ ਅਤੇ ਭੰਨਤੋੜ ਦੀ ਘਟਨਾ ’ਤੇ ਦੀ ਨਿੰਦਾ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਸ ਮਾਮਲੇ ’ਚ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਇਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ’ਚੋਂ ਪਰਿਵਾਰਵਾਦ ਦਾ ਖ਼ਾਤਮਾ ਕਰਨ ਦੇ ਐਲਾਨ ਨਾਲ ਪਾਰਟੀ ਨੂੰ ਜ਼ਰੂਰ ਫਾਇਦਾ ਹੋਵੇਗਾ ਅਤੇ ਪਾਰਟੀ ਪੰਜਾਬ ’ਚ ਜ਼ਰੂਰ ਉਭਰੇਗੀ।