ਪਟਿਆਲਾ : ਸੂਬੇ ਵਿਚ ਪਰਾਲੀ ਸਾੜਨ ਦੇ ਮਾਮਲਿਆਂ ’ਚ ਪਿਛਲੇ ਤਿੰਨ ਦਿਨ ਤੋਂ ਜਾਰੀ ਵਾਧਾ ਚੌਥੇ ਦਿਨ ਵੀ ਜਾਰੀ ਰਿਹਾ। ਐਤਵਾਰ ਨੂੰ 216 ਥਾਵਾਂ ’ਤੇ ਪਰਾਲੀ ਸਾੜੀ ਗਈ। ਇਸਦੇ ਨਾਲ ਹੀ ਪੰਜਾਬ ਵਿਚ ਪਰਾਲੀ ਸਾੜਨ ਦਾ ਕੁੱਲ ਅੰਕੜਾ 4,132 ’ਤੇ ਪਹੁੰਚ ਗਿਆ। ਖ਼ਾਸ ਗੱਲ ਇਹ ਹੈ ਕਿ ਇਸ ਵਿਚੋਂ 1,666 ਕੇਸ ਸਿਰਫ਼ ਚਾਰ ਦਿਨ ਵਿਚ ਹੀ ਰਿਪੋਰਟ ਹੋਏ ਹਨ। ਸੂਬੇ ਵਿਚ ਅਚਾਨਕ ਪਰਾਲੀ ਸਾੜਨ ਦੇ ਮਾਮਲੇ ਤੇਜ਼ੀ ਨਾਲ ਵਧਣ ਦਾ ਕਾਰਨ ਵਾਢੀ ਵਿਚ ਤੇਜ਼ੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਦਿਖਾਵੇ ਲਈ ਕੀਤੀ ਜਾ ਰਹੀ ਕਾਰਵਾਈ ਹੈ। ਪੁਲਿਸ ਪ੍ਰਸ਼ਾਸਨ ਦੀ ਢਿੱਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸੂਬੇ ਵਿਚ ਪਹਿਲੀ ਨਵੰਬਰ ਨੂੰ ਪਰਾਲੀ ਸਾੜਨ ਦੇ 3,537 ਮਾਮਲੇ ਸਾਹਮਣੇ ਆਏ ਅਤੇ ਸਿਰਫ਼ 1,717 ਨੂੰ ਹੀ ਜੁਰਮਾਨਾ ਕੀਤਾ ਗਿਆ। ਇਹੀ ਨਹੀਂ ਸਿਰਫ਼ 1,710 ਮਾਮਲਿਆਂ ਵਿਚ ਹੀ ਕਿਸਾਨਾਂ ਦੀ ਜ਼ਮੀਨ ਦੀ ਰੈੱਡ ਐਂਟਰੀ ਕੀਤੀ ਗਈ ਜਦਕਿ 2,239 ਮਾਮਲਿਆਂ ਵਿਚ ਐੱਫਆਈਆਰ ਤਾਂ ਕੀਤੀ ਗਈ ਪਰ ਇਨ੍ਹਾਂ ਵਿਚੋਂ ਵੀ ਜ਼ਿਆਦਾਤਰ ਮਾਮਲਿਆਂ ਵਿਚ ਹੁਣ ਵੀ ਮੁਲਜ਼ਮਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਸ ਕਾਰਨ ਬਿਨਾਂ ਕਿਸੇ ਡਰ ਦੇ ਖੁੱਲ੍ਹੇਆਮ ਪਰਾਲੀ ਸਾੜੀ ਜਾ ਰਹੀ ਹੈ।
ਪੰਜਾਬ ’ਚ ਤੇਜ਼ੀ ਨਾਲ ਸੜਨ ਲੱਗੀ ਪਰਾਲੀ, ਹੁਣ ਤੱਕ ਪਰਾਲੀ ਸਾੜਨ ਦੇ ਕੁੱਲ 4,132 ਮਾਮਲੇ ਹੋ ਚੁੱਕੇ ਹਨ ਰਿਪੋਰਟ
