ਪੱਛਮੀ ਸਿੰਘਭੂਮ, 17 ਜੁਲਾਈ (ਦਲਜੀਤ ਸਿੰਘ)- ਝਾਰਖੰਡ ਦੇ ਚਾਈਬਾਸਾ ਜ਼ਿਲ੍ਹੇ ‘ਚ ਸ਼ੁੱਕਰਵਾਰ ਸ਼ਾਮ ਭਿਆਨਕ ਮੁਕਾਬਲੇ ‘ਚ ਸੁਰੱਖਿਆ ਫ਼ੋਰਸਾਂ ਨੇ ਪਾਬੰਦੀਸ਼ੁਦਾ ਸੰਗਠਨ ਪੀਪਲਜ਼ ਲਿਬਰੇਸ਼ਨ ਫਰੰਟ ਆਫ਼ ਇੰਡੀਆ (ਪੀ.ਐੱਲ.ਐੱਫ.ਆਈ.) ਦੇ ਕਮਾਂਡਰ ਅਤੇ 10 ਲੱਖ ਰੁਪਏ ਦੇ ਇਨਾਮੀ ਨਕਸਲੀ ਸ਼ਨੀਚਰ ਸੁਨੀਲ ਨੂੰ ਮਾਰ ਸੁੱਟਿਆ। ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਨਕਸਲੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਮੁਕਾਬਲਾ ਚਾਈਬਾਸਾ ਜ਼ਿਲ੍ਹੇ ਦੇ ਗੁਦੜੀ ਥਾਣੇ ਦੇ ਅਧੀਨ ਆਉਣ ਵਾਲੇ ਪਿਡੁੰਗ ਬੜਾ ਕੇਸਲ ਜੰਗਲ ‘ਚ ਹੋਇਆ। ਉਨ੍ਹਾਂ ਨੇ ਪੀ.ਐੱਲ.ਐੱਫ.ਆਈ ਦੇ ਇਸ ਖ਼ਤਰਨਾਕ ਨਕਸਲੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਖੂੰਟੀ ਪੁਲਸ ਨੂੰ ਸ਼ੁੱਕਰਵਾਰ ਸ਼ਾਮ ਸੂਚਨਾ ਮਿਲੀ ਸੀ ਕਿ ਰਨੀਆ ਇਲਾਕੇ ‘ਚ ਸ਼ਨੀਚਰ ਸੁਰੀਨ ਦਾ ਦਸਤਾ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਫਿਰਕ ‘ਚ ਹੈ।
ਜਿਸ ਤੋਂ ਬਾਅਦ ਖੂੰਟੀ/ਚਾਈਬਾਸਾ ਪੁਲਸ ਅਤੇ ਸੀ.ਆਰ.ਪੀ.ਐੱਫ. 94 ਬਟਾਲੀਅਨ ਦੀ ਟੀਮ ਨੇ ਕਾਰਵਾਈ ਕਰਦੇ ਹੋਏ ਜੰਗਲ ‘ਚ ਤਲਾਸ਼ੀ ਮੁਹਿੰਮ ਚਲਾਈ। ਸੁਰੱਖਿਆ ਫ਼ੋਰਸਾਂ ਨੂੰ ਦੇਖਦੇ ਹੀ ਸ਼ਨੀਚਰ ਦੇ ਦਸਤੇ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪਰ ਪੁਲਸ ਦੀ ਜਵਾਬੀ ਕਾਰਵਾਈ ‘ਚ ਸ਼ਨੀਚਰ ਸੁਰੀਨ ਮਾਰਿਆ ਗਿਆ, ਜਦੋਂ ਕਿ ਉਸ ਦੇ ਦਸਤੇ ਨੂੰ ਹੋਰ ਮੈਂਬਰ ਦੌੜ ਗਏ।
ਸੀਨੀਅਰ ਸੁਰੱਖਿਆ ਅਧਿਕਾਰੀਆਂ ਨੇ ਇਸ ਨਕਸਲੀ ਕਮਾਂਡਰ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਨਕਸਲੀ ਦੀ ਲਾਸ਼ ਦੀ ਪਿੰਡ ਵਾਸੀਆਂ ਤੋਂ ਪਛਾਣ ਕਰਵਾਉਣ ਦੀ ਕਾਰਵਾਈ ਜਾਰੀ ਹੈ। ਉਹ ਇਸ ਇਲਾਕੇ ‘ਚ ਅੱਤਵਾਦ ਫੈਲਾਉਂਦਾ ਸੀ ਅਤੇ ਉਸ ‘ਤੇ ਡੇਢ ਦਰਜਨ ਤੋਂ ਵਧ ਅਪਰਾਧਕ ਮਾਮਲੇ ਵੱਖ-ਵੱਖ ਥਾਣਿਆਂ ‘ਚ ਦਰਜ ਸਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਾਲੀ ਜਗ੍ਹਾ ‘ਤੇ ਵੀ ਤਲਾਸ਼ੀ ਮੁਹਿੰਮ ਜਾਰੀ ਹੈ, ਜਿਸ ਕਾਰਨ ਮੁਕਾਬਲੇ ‘ਚ ਹੋਈ ਬਰਾਮਦਗੀ ਦਾ ਹਾਲੇ ਪੂਰਾ ਵੇਰਵਾ ਪ੍ਰਾਪਤ ਨਹੀਂ ਹੋ ਸਕਿਆ ਹੈ।