ਜਲੰਧਰ – ਰਾਹੁਲ ਗਾਂਧੀ ਵੱਲੋਂ ਪੰਜਾਬ ਵਿੱਚ ਕੱਢੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਦਾ ਅੱਜ ਪੰਜਵਾਂ ਦਿਨ ਹੈ। ਰਾਹੁਲ ਗਾਂਧੀ ਦੀ 5ਵੇਂ ਦਿਨ ਦੀ ‘ਭਾਰਤ ਜੋੜੋ ਯਾਤਰਾ’ ਜਲੰਧਰ ਤੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਦਾਖ਼ਲ ਹੋ ਗਈ ਹੈ। ਯਾਤਰਾ ਖਰਲ ਕਲਾਂ ਆਦਮਪੁਰ ਪਹੁੰਚ ਚੁੱਕੀ ਹੈ। ਇਸ ਦੌਰਾਨ ਯਾਤਰਾ ਵਿਚ ਨੌਜਵਾਨ ਆਗੂ ਕਨੱਈਆ ਕੁਮਾਰ ਵੀ ਪਹੁੰਚੇ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਭਾਜਪਾ ਅਤੇ ਆਰ. ਐੱਸ. ਐੱਸ. ਧਰਮ ਦੇ ਨਾਂ ‘ਤੇ ਪੰਜਾਬ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਰ. ਐੱਸ. ਐੱਸ. ਦੀ ਜਿਹੜੀ ਸੋਚ ਹੈ, ਉਸ ਨਾਲ ਸਾਡੀ ਸਿੱਧੀ-ਸਿੱਧੀ ਲੜਾਈ ਹੈ ਅਤੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਜਿੰਨੀ ਦੇਰ ਤੱਕ ਕਾਂਗਰਸ ਪਾਰਟੀ ਹੈ, ਗਾਂਧੀ ਪਰਿਵਾਰ ਹੈ, ਉਨੀ ਦੇਰ ਤੱਕ ਇਸ ਦੇਸ਼ ਵਿਚ ਆਰ. ਐੱਸ. ਐੱਸ. ਦੀ ਵਿਚਾਰਧਾਰਾ ਲਾਗੂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਆਪਣੀ ਤਾਕਤ ਦੇ ਨਾਲ ਕਈ ਸੂਬਿਆਂ ਵਿਚ ਸਰਕਾਰ ਤਾਂ ਬਣਾ ਸਕਦੇ ਹਨ ਪਰ ਵਿਚਾਰ ਧਾਰਾ ਇਸ ਦੇਸ਼ ‘ਤੇ ਲਾਗੂ ਨਹੀਂ ਸਕਦੀ।
ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਭਾਜਪਾ-ਆਰ. ਐੱਸ. ਐੱਸ. ਹਿੰਦੂ-ਮੁਸਲਮਾਨ ਦੀ ਗੱਲ ਕਰਦੇ ਹਨ, ਕਦੇ ਕਬਰਸਥਾਨ ਤੇ ਸ਼ਮਸ਼ਾਨਘਾਟ ਦੀ ਗੱਲ ਕੀਤੀ, ਮੰਦਿਰ-ਮਸਜ਼ਿਦ ਦੀ ਗੱਲ ਕੀਤੀ, ਉਸੇ ਤਰ੍ਹਾਂ ਦਾ ਮਾਹੌਲ ਪੰਜਾਬ ਵਿਚ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਤੋੜਨ ਦੀ ਗੱਲ ਕੀਤੀ ਜਾ ਰਹੀ ਹੈ। ਪੰਜਾਬ ਵਿਚ ਉਸੇ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਹਨ। ਅਜਿਹੇ ਕੰਮ ਪੰਜਾਬ ਵਿਚ ਚੰਗੇ ਨਹੀਂ ਹਨ। ਅਜਿਹੇ ਤਮਾਮ ਮੁੱਦਿਆਂ ‘ਤੇ ਅਸੀਂ ਹਮੇਸ਼ਾ ਲੜਦੇ ਰਹਾਂਗੇ।