PM ਮੋਦੀ ਦੀ ਸੁਰੱਖਿਆ ’ਚ ਅਣਗਹਿਲੀ ਦਾ ਮਾਮਲਾ: SC ਨੇ ਫਿਰੋਜ਼ਪੁਰ ਦੇ SSP ਨੂੰ ਠਹਿਰਾਇਆ ਜ਼ਿੰਮੇਵਾਰ

ਨਵੀਂ ਦਿੱਲੀ– ਸੁਪਰੀਮ ਕੋਰਟ ਨੇ ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ਨੂੰ ਲੈ ਕੇ ਹੋਈ ਵੱਡੀ ਅਣਗਹਿਲੀ ’ਚ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਨੂੰ ਜ਼ਿੰਮੇਵਾਰ ਦੱਸਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਆਪਣੀ ਡਿਊਟੀ ਨਿਭਾਉਣ ’ਚ ਫੇਲ ਰਹੇ ਸਨ।
ਦੱਸ ਦੇਈਏ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਹੋਈ ਅਣਗਹਿਲੀ ਦੇ ਮਾਮਲੇ ’ਚ ਸੁਪਰੀਮ ਕੋਰਟ ’ਚ ਸੁਣਵਾਈ ਪੂਰੀ ਹੋਈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਸੀ.ਜੇ.ਆਈ. ਨੇ ਜਸਟਿਸ ਇੰਦੂ ਮਲਹੋਤਰਾ ਦੀ ਰਿਪੋਰਟ ਪੜ੍ਹੀ। ਰਿਪੋਰਟ ’ਚ ਫਿਰੋਜ਼ਪੁਰ ’ਚ ਉਸ ਸਮੇਂ ਦੇ ਐੱਸ.ਐੱਸ.ਪੀ. ਦੀ ਭੂਮਿਕਾ ’ਤੇ ਸਵਾਲ ਚੁੱਕੇ ਗਏ ਹਨ। ਸੀ.ਜੇ.ਆਈ. ਨੇ ਕਿਹਾ ਕਿ ਮੌਜੂਦਾ ਐੱਸ.ਐੱਸ.ਪੀ. ਨੇ ਪ੍ਰਧਾਨ ਮੰਤਰੀ ਦੇ ਕਾਫਿਲੇ ਲਈ ਉਚਿਤ ਕਦਮ ਨਹੀਂ ਚੁੱਕੇ, ਜਿਸਦੇ ਚਲਦੇ ਕੋਈ ਵੱਡੀ ਘਟਨਾ ਹੋ ਸਕਦੀ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਵੀ.ਵੀ.ਆਈ.ਪੀ. ਸੁਰੱਖਿਆ ਲਈ ਪੁਲਸ ਮੁਲਾਜ਼ਮਾਂ ਨੂੰ ਬਿਹਤਰ ਟ੍ਰੇਨਿੰਗ ਦੀ ਲੋੜ ਹੈ।

ਮਿਲੀ ਤਾਜ਼ਾ ਜਾਣਕਾਰੀ ਮੁਤਾਬਕ, ਸੀ.ਜੇ.ਆਈ. ਨੇ ਕਿਹਾ ਕਿ ਫਿਰੋਜ਼ਪੁਰ ਦੇ ਐੱਸ.ਐੱਸ.ਪੀ. ਅਵਨੀਤ ਹੰਸ ਡਿਊਟੀ ਨਿਭਾਉਣ ’ਚ ਫੇਲ੍ਹ ਸਾਬਿਤ ਹੋਏ ਹਨ। ਅਵਨੀਤ ਨੂੰ 2 ਘੰਟੇ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਿਲੇ ਦੀ ਸੂਚਨਾ ਮਿਲ ਗਈ ਸੀ। ਲੋੜੀਂਦੀ ਸੁਰੱਖਿਆ ਫੋਰਸ ਹੋਣ ਦੇ ਬਾਵਜੂਦ ਵੀ ਉਹ ਠੀਕ ਢੰਗ ਨਾਲ ਡਿਊਟੀ ਨਹੀਂ ਨਿਭਾ ਸਕੇ। ਕਾਨੂੰਨ ਵਿਵਸਥਾ ਬਣਾਈ ਰੱਖਣ ’ਚ ਅਵਨੀਤ ਨਾਕਾਮ ਹੋ ਗਏ। ਸੁਪਰੀਮ ਕੋਰਟ ਨੇ ਐਕਸ਼ਨ ਲੈਣ ਲਈ ਰਿਪੋਰਟ ਕੇਂਦਰ ਨੂੰ ਭੇਜ ਦਿੱਤੀ ਹੈ।

Leave a Reply

Your email address will not be published. Required fields are marked *