ਸ਼੍ਰੀਨਗਰ- ਜੰਮੂ-ਕਸ਼ਮੀਰ ਸਥਿਤ ਪਹਿਲਗਾਮ ਇਲਾਕੇ ’ਚ ਮੰਗਲਵਾਰ ਯਾਨੀ ਕਿ ਕੱਲ ਇਕ ਬੱਸ ਦੇ ਡੂੰਘੀ ਖੱਡ ’ਚ ਡਿੱਗਣ ਕਾਰਨ ਇੰਡੋ-ਤਿੱਬਤੀਅਨ ਸਰਹੱਦੀ ਪੁਲਸ (ITBP) ਦੇ 7 ਜਵਾਨ ਸ਼ਹੀਦ ਹੋ ਗਏ। ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਅੱਜ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਨ੍ਹਾਂ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਜਾਣਗੀਆਂ। ਉੱਪ ਰਾਜਪਾਲ ਮਨੋਜ ਸਿਨਹਾ ਦੇ ਦਫ਼ਤਰ ਵਲੋਂ ਇਸ ਬਾਬਤ ਕੁਝ ਤਸਵੀਰਾਂ ਵੀ ਟਵਿੱਟਰ ’ਤੇ ਸਾਂਝੀਆਂ ਕੀਤੀਆਂ ਗਈਆਂ। ਜਿਸ ’ਚ ਉਹ ਜਵਾਨਾਂ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਟਵੀਟ ਕੀਤਾ ਗਿਆ, ‘‘ITBP ਦੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ, ਜਿਨ੍ਹਾਂ ਨੇ ਕੱਲ੍ਹ ਚੰਦਨਵਾੜੀ ਨੇੜੇ ਇਕ ਬੱਸ ਹਾਦਸੇ ’ਚ ਆਪਣੀ ਜਾਨ ਗੁਆ ਦਿੱਤੀ ਸੀ। ਦੇਸ਼ ਉਨ੍ਹਾਂ ਦੀ ਬਹਾਦਰੀ, ਵੀਰਤਾ ਅਤੇ ਮਹਾਨ ਕੁਰਬਾਨੀ ਨੂੰ ਕਦੇ ਨਹੀਂ ਭੁੱਲੇਗਾ।’’
ਦੱਸ ਦੇਈਏ ਕਿ ਮੰਗਲਵਾਰ ਸਵੇਰੇ ITBP ਦੀ ਇਕ ਬੱਸ ਡੂੰਘੀ ਖੱਡ ’ਚ ਡਿੱਗ ਗਈ। ਹਾਦਸੇ ’ਚ 7 ਜਵਾਨਾਂ ਦੀ ਮੌਤ ਹੋ ਗਈ। ਬੱਸ ’ਚ ITBP ਦੇ 37 ਜਵਾਨ ਅਤੇ ਜੰਮ-ਕਸ਼ਮੀਰ ਪੁਲਸ ਦੇ 2 ਜਵਾਨ ਸਵਾਰ ਸਨ। ਬੱਸ ਦੀ ਬਰੇਕ ਫੇਲ੍ਹ ਹੋਣ ਕਾਰਨ ਸੜਕ ਕੰਢੇ ਨਦੀ ’ਚ ਡਿੱਗ ਗਈ। ਸਾਰੇ ਜਵਾਨ ਅਮਰਨਾਥ ਯਾਤਰਾ ਤੋਂ ਡਿਊਟੀ ਕਰ ਕੇ ਪਰਤ ਰਹੇ ਸਨ। ਜਵਾਨ ਅਮਰਨਾਥ ਯਾਤਰਾ ਦੇ ਸਟਾਟਿੰਗ ਪੁਆਇੰਟ ਚੰਦਨਵਾੜੀ ਤੋਂ ਪਹਿਲਗਾਮ ਆ ਰਹੇ ਸਨ। ਇਸ ਦਰਮਿਆਨ ਡਰਾਈਵਰ ਨੇ ਬੱਸ ਤੋਂ ਕੰਟਰੋਲ ਗੁਆ ਦਿੱਤਾ ਅਤੇ ਬੱਸ ਖੱਡ ’ਚ ਜਾ ਡਿੱਗੀ।